ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ : ਸਥਾਨਕ ਸ਼ਹਿਰ ਦੇ ਵਾਰਡ 8 ਦੇ ਨਿਵਾਸੀਆਂ ਨੇ ਅੱਜ ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸੱਦ ਕੇ ਪਾਰਕ ਨੰਬਰ 39 ਚ ਹੁਲ੍ਹੜਬਾਜ ਰੋਕਣ ਲਈ ਮੰਗ ਪੱਤਰ ਦਿੱਤਾ। ਨਾਗਰਿਕ ਚੇਤਨਾ ਮੰਚ ਦੇ ਆਗੂ ਪਿ੍ਰੰਸੀਪਲ ਬੱਗਾ ਸਿੰਘ ਤੇ ਡਾ ਅਜੀਤ ਪਾਲ ਸਿੰਘ ਆਦਿ ਨੇ ਦਸਿਆ ਿਕ ਇੱਥੇ ਵੱਡੇ ਘਰਾਂ ਦੇ ਕੁਝ ਕਾਕਿਆਂ ਦੀ ਸ਼ਰੇਆਮ ਗੁੰਡਾਗਰਦੀ ਨੂੰ ਰੁਕਵਾਉਣ ਲਈ ਐਸ ਐਸ ਪੀ ਬਠਿੰਡਾ ਨੂੰ ਸਿਕਾਇਤ ਦਿੱਤੀ ਗਈ ਸੀ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਥੇ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਜਿਣਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਤੋਂ ਇਲਾਵਾ ਪਿਛਲੇ ਦਿਨੀਂ ਕੁਝ ਲੜਕਿਆਂ ਨੇ ਪਾਰਕ ਵਿੱਚ ਬਜੁਰਗਾਂ ਦੇ ਸਾਹਮਣੇ ਹੀ ਲੜਕੀਆਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸਿਸ ਕੀਤੀ। ਜਦ ਉਹਨਾਂ ਨੂੰ ਰੋਕਿਆ ਗਿਆ ਉਨ੍ਹਾਂ ਨੇ ਬਜੁਰਗਾਂ ਦੀ ਵੀ ਰੱਜ ਕੇ ਬੇਇੱਜ਼ਤੀ ਕੀਤੀ,ਜਿਸ ਕਰਕੇ ਪੁਲਿਸ ਬੁਲਾਉਣੀ ਪਈ ਅਤੇ ਫਿਰ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ। ਇਹ ਵਰਤਾਰਾ ਰੋਜ਼ ਵਾਪਰਦਾ ਹੈ,ਕਿਉਂਕਿ ਇਹ ਇਲਾਕਾ ਅਜੀਤ ਰੋਡ ਤੇ ਆਸਪਾਸ ਪੈਂਦਾ ਹੈ, ਜਿਥੇ ਵੱਡੀ ਗਿਣਤੀ ਚ ਆਈਲੈਟਸ ਸੈਂਟਰ ਹਨ। ਮੁਹੱਲਾ ਵਾਸੀਆਂ ਮੁਤਾਬਕ ਇੱਥੇ ਆਈਲੈਟਸ ਸੈਂਟਰਾਂ ਵਿਚ ਪੜ੍ਹਦੇ ਵਿਦਿਆਰਥੀ ਬੁਲਟ ਮੋਟਰਸਾਈਕਲਾਂ ਅਤੇ ਖੁੱਲ੍ਹੀਆਂ ਜੀਪਾਂ/ਜੌਗਿਆਂ ਤੇ ਚੜ੍ਹ ਕੇ ਗਲੀਆਂ ਚ ਘੁੰਮਦੇ, ਉਚੀ ਆਵਾਜ ਚ ਪਟਾਖੇ ਪਾਉਂਦੇ ਅਤੇ ਛੇੜਖਾਨੀਆਂ ਕਰਦੇ ਹਨ। ਜਿਸ ਕਾਰਨ ਮੁਹੱਲੇ ਦੇ ਘਰਾਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਗਲੀਆਂ ਵਿੱਚੋਂ ਦੀ ਲੰਘਣ ਅਤੇ ਪਾਰਕ ਵਿੱਚ ਸੈਰ ਕਰਨ ਤੋਂ ਡਰ ਲੱਗਦਾ ਹੈ ਕਿਉਂਕਿ ਇਹਨਾਂ ਲੜਕਿਆਂ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ। ਕੁਝ ਅਰਸਾ ਪਹਿਲਾਂ ਤਾਂ ਅਜੀਤ ਰੋਡ ਦੀ ਗਲੀ ਨੰਬਰ ਤਿੱਨ-ਚਾਰ ਦੇ ਵਿਚ ਫਾਇਰਿੰਗ ਤੱਕ ਵੀ ਹੋਈ ਤੇ ਕਤਲ ਵੀ ਹੋਏ । ਉਨ੍ਹਾਂ ਇੱਥੇ ਗ਼ੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ਤੇ ਚੈਕਿੰਗ ਦੀ ਮੰਗ ਕਰਦਿਆਂ ਗੈਰ-ਕਾਨੂੰਨੀ ਵਾਹਨਾਂ ਦੇ ਚਲਾਨ ਕੱਟੇ ਜਾਣ ਅਤੇ ਗੈਰ-ਕਨੂੰਨੀ ਅਨਸਰਾਂ ਨੂੰ ਥਾਣੇ ਡੱਕਿਆ ਜਾਵੇ ਤਾਂ ਕਿ ਲੋਕ ਆਰਾਮ ਨਾਲ ਜਿੰਦਗੀ ਬਸਰ ਕਰਨ ਅਤੇ ਪਾਰਕ ਵਿੱਚ ਸੈਰ ਵੀ ਕਰ ਸਕਣ।
Share the post "ਵਾਰਡ 8 ਦੇ ਪਾਰਕ ਨੰ 39 ਨੇੜੇ ਹੁੱਲੜਬਾਜਾਂ ਦੀ ਗੁੰਡਾਗਰਦੀ ਰੋਕਣ ਲਈ ਸ਼ਹਿਰੀਆਂ ਨੇ ਦਿੱਤਾ ਮੰਗ ਪੱਤਰ"