ਸਮੁੱਚੀਆਂ ਵਾਲਮੀਕਿ ਤੇ ਮਜ਼੍ਹਬੀ ਸਿੱਖ ਸੰਗਤਾਂ ਗਠਜੋੜ ਦੇ ਉਮੀਦਵਾਰਾਂ ਨੁੰ ਵੋਟਾਂ ਪਾ ਕੇ ਕਾਮਯਾਬ ਕਰਨ : ਨਛੱਤਰ ਨਾਥ ਸ਼ੇਰਗਿੱਲ ਮੁੱਖ ਸੇਵਾਦਾਰ ਵਾਲਮੀਕੀ ਆਸ਼ਰਮ ਅੰਮ੍ਰਿਤਸਰ
ਸੁਖਬੀਰ ਸਿੰਘ ਬਾਦਲ ਨੇ ਹਮਾਇਤ ਲਈ ਕੀਤਾ ਧੰਨਵਾਦ
ਸੁਖਜਿੰਦਰ ਮਾਨ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ: ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਅੱਜ ਭਗਵਾਨ ਵਾਲਮੀਕਿ ਆਸ਼ਰਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਸੇਵਾਦਾਰ ਨਛੱਤਰ ਨਾਥ ਸ਼ੇਰਗਿੱਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਕ ਮੁਲਾਕਾਤ ਸਮੇਂ ਕੀਤਾ।ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਛੱਤਰ ਨਾਥ ਸ਼ੇਰਗਿੱਲ ਤੇ ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਦੇ ਹੋਰ ਸੰਤ ਮਹਾਂਪੁਰਖਾਂ ਨੇ ਕਿਹਾ ਕਿ ਸਮੁੱਚਾ ਵਾਲਮੀਕਿ ਤੇ ਮਜ਼੍ਹਬੀ ਸਮਾਜ ਇਹਨਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰੇਗਾ ਤੇ ਉਹਨਾਂ ਨੇ ਸਮੁੱਚੇ ਸਮਾਜ ਦੇ ਮੈਂਬਰਾਂ ਨੁੰ ਆਪੋ ਆਪਣੇ ਵਿਧਾਨ ਸਭਾ ਖੇਤਰਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਨੁੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ।
ਇਕ ਸਵਾਲ ਦੇ ਜਵਾਬ ਵਿਚ ਨਛੱਤਰ ਨਾਥ ਸ਼ੇਰਗਿੱਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਆਸ਼ਰਮ ਅੰਮ੍ਰਿਤਸਰ ਦਾ 300 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ । ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੀਆਂ ਸਰਕਾਰਾਂ ਹੀ ਹਨ ਜਿਹਨਾਂ ਨੇ ਸਮੁੱਚੇ ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਦਾ ਖਿਆਲ ਰੱਖਿਆ ਤੇ ਸਮਾਜ ਦੇ ਮੈਂਬਰਾਂ ਦੀ ਬੇਹਤਰੀ ਵਾਸਤੇ ਕੰਮ ਕੀਤਾ। ਉਹਨਾਂ ਕਿਹਾ ਕਿ ਇਸ ਵਾਸਤੇ ਅੱਜ ਅਸੀਂ ਇਸ ਗਠਜੋੜ ਦੀ ਹਮਾਇਤ ਦਾ ਫੈਸਲਾ ਲਿਆ ਹੈ ਤੇ ਸਮੁੱਚੇ ਭਾਈਚਾਰੇ ਨੁੰ ਗਠਜੋੜ ਦੇ ਹੱਕ ਵਿਚ ਡੱਟਣ ਦੀ ਅਪੀਲ ਕੀਤੀ ਹੈ।ਇਸ ਸਮਰਥਨ ਲਈ ਸੰਤਾਂ ਮਹਾਂਪੁਰਖਾਂ ਤੇ ਸਮੁੱਚੇ ਸਮਾਜ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਤੇ ਸਰਕਾਰ ਹੁੰਦਿਆਂ ਸਾਰੇ ਧਰਮਾਂ ਦੇ ਸਥਾਨ ਸ਼ਰਧਾ ਤੇ ਸਤਿਕਾਰ ਨਾਲ ਬਣਾਏ ਹਨ। ਉਹਨਾਂ ਕਿਹਾ ਕਿ ਭਗਵਾਨ ਵਾਲੀਮਿਕ ਆਸ਼ਰਮ ਦੇ ਨਿਰਮਾਣ ਸਮੇਂ ਬਾਦਲ ਨੇ ਆਪ ਅਕਸਰ ਉਸਾਰੀ ਦਾ ਜਾਇਜ਼ਾ ਲਿਆ ਤਾਂ ਜੋ ਇਹ ਸਥਲ ਸੁੰਦਰ ਤੇ ਸੋਹਣਾ ਬਣ ਸਕੇ। ਉਹਨਾਂ ਕਿਹਾ ਕਿ ਅਸੀਂ ਗੁਰੂ ਰਵੀਦਾਸ ਜੀ ਮਹਾਰਾਜ ਦਾ ਯਾਦਗਾਰੀ ਸਥਾਨ ਵੀ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਇਸਦਾ ਕੰਮ ਬੰਦ ਕਰਵਾ ਦਿੱਤਾ।ਸ ਬਾਦਲ ਨੇ ਕਿਹਾ ਕਿ ਅਸੀਂ ਗਠਜੋੜ ਨੁੰ ਸਮਰਥਨ ਦੇਣ ਲਈ ਨੱਛਤਰ ਨਾਥ ਮੁੱਖ ਸੇਵਾਦਾਰ ਭਗਵਾਨ ਵਾਲਮੀਕੀ ਆਸ਼ਰਮ ਤੇ ਸਮੂਹ ਸੰਤਾਂ ਮਹਾਂਪੁਰਖਾਂ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੀ ਤੇ ਸਾਰੇ ਧਰਮਾਂ ਦਾ ਸਤਿਾਕਰ ਕਰਨ ਵਾਲੀ ਪੰਜਾਬੀਆਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਮੌਜੂਦਾ ਚੋਣਾਂ ਵਿਚ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਬਾਹਰਲੀਆਂ ਹਨ।
Share the post "ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ"