ਅਵਾਜ਼ ਦੇ ਨਮੂਨਿਆਂ ਦੇ ਨਤੀਜ਼ੇ ਅਤੇ ਕੈਮੀਕਲ ਰੀਪੋਰਟਾਂ ਤੋਂ ਬਾਅਦ ਸਪਲੀਮੈਂਟਰੀ ਚਲਾਨ ਵੀ ਹੋਵੇਗਾ ਪੇਸ਼
ਵਿਧਾਇਕ ਪਟਿਆਲਾ ਅਤੇ ਪੀਏ ਹੈ ਬਠਿੰਡਾ ਜੇਲ੍ਹ ’ਚ ਬੰਦ, ਦੋਨਾਂ ਦੀਆਂ ਜਮਾਨਤ ਅਰਜੀਆਂ ਹੋ ਚੁੱਕੀਆਂ ਰੱਦ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਦੋ ਮਹੀਨੇ ਪਹਿਲਾਂ ਭ੍ਰਿਸਟਾਚਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸ ਦੇ ਪੀ.ਏ. ਰਸ਼ਿਮ ਗਰਗ ਵਿਰੁਧ ਅੱਜ ਵਿਜੀਲੈਂਸ ਬਿਊਰੋ ਨੇ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ। ਵਿਧਾਇਕ ਅਤੇ ਪੀਏ ਵਿਰੁਧ ਐਫਆਈਆਰ ਨੰਬਰ 1, ਮਿਤੀ 16-02-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਬਠਿੰਡਾ ਰੇਂਜ ਦੇ ਵਿਜੀਲੈਂਸ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਸੀ। ਮੌਜੂਦਾ ਸਮੇਂ ਵਿਧਾਇਕ ਪਟਿਆਲਾ ਅਤੇ ਪੀਏ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਦੋਨਾਂ ਵਲੋਂ ਅਪਣੀਆਂ ਜਮਾਨਤ ਦੀਆਂ ਅਰਜ਼ੀਆਂ ਵੀ ਲਗਾਈਆਂ ਗਈਆਂ ਸਨ ਪ੍ਰੰਤੂ ਹੇਠਲੀ ਅਦਾਲਤ ਵਲੋਂ ਇੰਨ੍ਹਾਂ ਅਰਜੀਆਂ ਨੂੰ ਰੱਦ ਕੀਤਾ ਜਾ ਚੁੱਕਾ ਹੈ। ਗੌਰਤਲਬ ਹੈ ਕਿ ਭ੍ਰਿਸਟਾਚਾਰ ਦੇ ਮਾਮਲੇ ’ਚ ਵਿਧਾਇਕ ਦੇ ਪੀਏ ਰਿਸਮ ਗਰਗ 16 ਫ਼ਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ’ਚ ਹਲਕੇ ਦੇ ਪਿੰਡ ਘੁੱਦਾ ਨੂੰ ਵਿਕਾਸ ਕਾਰਜ਼ਾਂ ਲੲਂੀ ਆਈ ਰਾਸ਼ੀ ਦੀਆਂ ਗ੍ਰਾਂਟਾਂ ਰਿਲੀਜ਼ ਕਰਨ ਬਦਲੇ ਮਹਿਲਾ ਸਰਪੰਚ ਦੇ ਪਤੀ ਤੋਂ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋੲੈ ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ। ਹਾਲਾਂਕਿ ਪ੍ਰਾਈਵੇਟ ਪੀਏ ਰਿਸ਼ਮ ਦੀ ਗ੍ਰਿਫਤਾਰੀ ਮੌਕੇ ਵਿਧਾਇਕ ਖੁਦ ਵੀ ਸਰਕਟ ਹਾਊਸ ਵਿਚ ਮੌਜੂਦ ਸਨ ਪ੍ਰੰਤੂ ਵਿਜੀਲੈਂਸ ਟੀਮ ਨੇ ਸਿਕਾਇਤਕਰਤਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ ਕਾਲ ਰਿਕਾਰਡਾਂ ਅਤੇ ਪੀਏ ਕੋਲੋ ਕੀਤੀ ਪੁਛਗਿਛ ਦੇ ਆਧਾਰ ’ਤੇ ਵਿਧਾਇਕ ਨੂੰ 18 ਫ਼ਰਵਰੀ ਨੂੰ ਧਾਰਾ 120 ਬੀ ਤਹਿਤ ਨਾਮਜਦ ਕੀਤਾ ਸੀ। ਜਿਸਤੋਂ ਬਾਅਦ ਅਮਿਤ ਰਤਨ ਨੂੰੰ ਵੀ 20-02-2023 ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਸਿਕਾਇਤਕਰਤਾ ਵਲੋਂ ਦਿੱਤੀਆਂ ਕਾਲ ਰਿਕਾਰਡਾਂ ਦਾ ਵਿਧਾਇਕ ਦੀ ਅਵਾਜ਼ ਨਾਲ ਮਿਲਾਣ ਕਰਵਾਉਣ ਲਈ ਨਮੂਨਿਆਂ ਦੀ ਰੀਪੋਰਟ ਫ਼ੋਰੇਂਸਕ ਲੈਬ ਨੂੰ ਭੇਜੀ ਹੋਈ ਹੈ। ਇਸਤੋਂ ਇਲਾਵਾ ਕੈਮੀਕਲ ਰੀਪੋਰਟ ਵੀ ਆਉਣੀਆਂ ਬਾਕੀ ਹਨ, ਜਿਸਦੇ ਚੱਲਦੇ ਆਉਣ ਵਾਲੇ ਦਿਨਾਂ ’ਚ ਉਕਤ ਦੋਨਾਂ ਵਿਰੁਧ ਇੱਕ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਸੀ ਕਿ ਵਿਕਾਸ ਕਾਰਜ਼ਾਂ ਲਈ ਆਈਆਂ ਗ੍ਰਾਂਟਾਂ ਨੂੰ ਰਿਲੀਜ਼ ਕਰਨ ਬਦਲੇ 20 ਫ਼ੀਸਦੀ ਕਮਿਸ਼ਨ ਮੰਗਣ ਤੋਂ ਇਲਾਵਾ ਪਿੰਡ ਘੁੱਦਾ ਦੇ ਇੱਕ ਵਿਅਕਤੀ ਗੁਰਦਾਸ ਸਿੰਘ ਕੋਲੋਂ ਵੀ ਵਿਧਾਇਕ ਅਤੇ ਉਸਦੇ ਪੀਏ ਨੇ ਪਿੰਡ ਦੀ ਨੰਬਰਦਾਰੀ ਦਿਵਾਉਣ ਦੇ ਬਦਲੇ 2,50,000 ਰੁਪਏ ਦੀ ਰਿਸ਼ਵਤ ਲਈ ਸੀ।
Share the post "ਵਿਜੀਲੈਂਸ ਬਿਊਰੋ ਵਲੋਂ ਵਿਧਾਇਕ ਅਮਿਤ ਰਤਨ ਤੇ ਉਸਦੇ ਪੀਏ ਵਿਰੁਧ ਅਦਾਲਤ ’ਚ ਚਲਾਨ ਪੇਸ਼"