ਖਿੱਚ-ਧੂਹ ਦੌਰਾਨ ਕਈਆਂ ਦੀਆਂ ਪੱਗਾਂ ਲੱਥੀਆਂ, ਗਿ੍ਰਫਤਾਰੀ ਤੋਂ ਬਾਅਦ ਥਾਣਾ ਥਰਮਲ ’ਚ ਕੀਤੇ ਬੰਦ
ਸੁਖਜਿੰਦਰ ਮਾਨ
ਬਠਿੰਡਾ, 4 ਦਸੰਬਰ: ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਠੇਕਾ ਕਾਮਿਆਂ ਦੀ ਅੱਜ ਬਠਿੰਡਾ ਪੁਲਿਸ ਵਲੋਂ ਮਨਪ੍ਰੀਤ ਸਿੰਘ ਬਾਦਲ ਦੇ ਪ੍ਰੋਗਰਾਮ ’ਚ ਪੁੱਜਣ ’ਤੇ ਧੂਹ-ਘੜੀਸ ਕੀਤੀ ਗਈ। ਸੈਕੜਿਆਂ ਦੀ ਤਾਦਾਦ ’ਚ ਤੈਨਾਤ ਕੀਤੇ ਪੁਲਿਸ ਕਰਮਚਾਰੀਆਂ ਨੇ ਵਿਤ ਮੰਤਰੀ ਕੋਲੋ ਸਵਾਲ ਪੁੱਛਣ ਆਏ ਇੰਨ੍ਹਾਂ ਠੇਕਾ ਕਾਮਿਆਂ ਨੂੰ ਜਬਰਦਸਤੀ ਚੁੱਕ ਕੇ ਥਾਣਿਆਂ ਵਿਚ ਬੰਦ ਕਰ ਦਿੱਤਾ। ਇਸ ਦੌਰਾਨ ਠੇਕਾ ਮੁਲਾਜਮਾਂ ਨੇ ਪੰਜਾਬ ਸਰਕਾਰ ਤੇ ਵਿਤ ਮੰਤਰੀ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਖਿੱਚ ਧੂਹ ਦੌਰਾਨ ਕਈ ਕਾਮਿਆਂ ਦੀ ਪੱਗਾਂ ਲੱਥ ਗਈਆਂ। ਖ਼ਬਰ ਲਿਖੇ ਜਾਣ ਤੱਕ ਠੇਕਾ ਮੁਲਾਜਮਾਂ ਨੂੰ ਪੁਲਿਸ ਨੇ ਥਾਣਾ ਥਰਮਲ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਲਿਆਂਦੇ ਬਿੱਲ ਵਿਚੋਂ ਆਊਟਸੋਰਸ ਤੇ ਠੇਕਾ ਮੁਲਾਜਮਾਂ ਨੂੰ ਬਾਹਰ ਰੱਖੇ ਜਾਣ ’ਤੇ ਰੋਸ਼ ਪ੍ਰਗਟ ਕਰ ਰਹੇ ਠੇਕਾ ਮੁਲਾਜਮਾਂ ਨੂੰ ਬਠਿੰਡਾ ‘ਚ ਅੱਜ ਸਥਾਨਕ ਭਾਗੂ ਰੋਡ ’ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਜਣ ਦੀ ਸੂਹ ਮਿਲ ਗਈ। ਪੁਲਿਸ ਨੂੰ ਝਕਾਨੀ ਦੇ ਕੇ ਇਹ ਠੇਕਾ ਮੁਲਾਜਮ ਵੱਡੀ ਗਿਣਤੀ ਵਿਚ ਮੰਤਰੀ ਦੇ ਪ੍ਰੋਗਰਾਮ ਦੇ ਬਿਲਕੁਲ ਨਜਦੀਕ ਪੁੱਜ ਕੇ ਧਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਮੌਕੇ ਵਿਤ ਮੰਤਰੀ ਸਮਾਗਮ ਵਿਚ ਨਹੀਂ ਪੁੱਜੇ ਸਨ ਪ੍ਰੰਤੂ ਪੁਲਿਸ ਨੂੰ ਠੇਕਾ ਮੁਲਾਜਮਾਂ ਦੇ ਅਚਾਨਕ ਪੁੱਜਣ ਕਾਰਨ ਹੱਥਾਂ ਪੈਰਾਂ ਦੀ ਪੈ ਗਈ। ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਪੁਲਿਸ ਮੁਲਾਜਮਾਂ ਨੇ ਠੇਕਾ ਮੁਲਾਜਮਾਂ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ। ਇਸਦੀ ਅਗਵਾਈ ਡੀਐਸਪੀ ਅਤੇ ਐਸ.ਐਚ.ਓ ਪੱਧਰ ਦੇ ਅਧਿਕਾਰੀ ਖ਼ੁਦ ਕਰਦੇ ਵੇਖੇ ਗਏ। ਇਸ ਮੌਕੇ ਠੇਕਾ ਮੁਲਾਜਮਾਂ ਨੇ ਪੁਲਿਸ ਦੀ ਜਬਰਦਸਤੀ ਦਾ ਵਿਰੋਧ ਕੀਤਾ ਪ੍ਰੰਤੂ ਉਹ ਬੇਵਸ ਜਾਪੇ। ਪੁਲਿਸ ਨੇ ਠੇਕਾ ਮੁਲਾਜਮਾਂ ਨੂੰ ਬੱਸਾਂ ਵਿਚ ਭਰ ਕੇ ਥਾਣਾ ਥਰਮਲ ਲੈ ਗਈ। ਇਸ ਦੌਰਾਨ ਠੇਕਾ ਮੁਲਾਜਮ ਆਗੂ ਜਗਰੂਪ ਸਿੰਘ, ਜਗਸੀਰ ਸਿੰਘ, ਵਰਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਉਹ ਵਿਤ ਮੰਤਰੀ ਸ: ਬਾਦਲ ਕੋਲੋ ਚੋਣਾਂ ਤੋਂ ਪਹਿਲਾਂ ਸਮੂਹ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਬਾਰੇ ਪੁੱਛਣ ਆਏ ਸਨ ਪ੍ਰੰਤੂ ਸਰਕਾਰ ਨੇ ਜਬਰੀ ਪੁਲਿਸ ਕੋਲੋ ਚੁਕਵਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰਾਂ ਤੇ ਪੁਲਿਸ ਦੀ ਧੱਕੇਸ਼ਾਹੀ ਦੇ ਬਾਵਜੂਦ ਉਹ ਅਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਆਗਾਮੀ 8 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਤਲਵੰਡੀ ਸਾਬੋ ਵਿਖੇ ਕੀਤੀ ਜਾ ਰਹੀ ਚੋਣ ਰੈਲੀ ਵਿਚ ਵੀ ਉਹ ਪ੍ਰਵਾਰਾਂ ਸਹਿਤ ਪੁੱਜ ਕੇ ਸਵਾਲ ਪੁੱਛਣਗੇ।
Share the post "ਵਿਤ ਮੰਤਰੀ ਨੂੰ ਸਵਾਲ ਪੁੱਛਣ ਆਏ ਠੇਕਾਂ ਮੁਲਾਜਮਾਂ ਦੀ ਪੁਲਿਸ ਵਲੋਂ ਧੂਹ ਘੜੀਸ"