…ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਕਾਂਗਰਸ ਨੇ ਆਪਣੇ ਮੰਤਰੀਆਂ-ਵਿਧਾਇਕਾਂ ਦੇ ਬੱਚਿਆਂ ਨੂੰ ਦਿੱਤੀ ਨੌਕਰੀ – ਹਰਜੋਤ ਸਿੰਘ ਬੈਂਸ
-ਕਿਹਾ,ਨਿਯਮਾਂ ਨੂੰ ਨੁੱਕਰੇ ਰੱਖਕੇ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਦਿੱਤੀ ਗਈ ਨੌਕਰੀ
-ਭਰਤੀ ਘੋਟਾਲੇ ਦੀ ਸੀਬੀਆਈ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਚੰਡੀਗੜ੍, 16 ਜਨਵਰੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ ‘ਤੇ ਵਿਧਾਨ ਸਭਾ ਕਰਮਚਾਰੀ ਭਰਤੀਆਂ ਵਿੱਚ ਘੁਟਾਲਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਸਬੂਤ ਦਿਖਾਂਦੇ ਹੋਏ ਕਿਹਾ ਕਿ ਵਿਧਾਨ ਸਭਾ ਵਿੱਚ ਕਾਂਗਰਸ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆਂ, ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਭਰਤੀ ਕੀਤਾ ਅਤੇ ਲਾਇਕ ਨੌਜਵਾਨਾਂ ਨੂੰ ਬਾਹਰ ਕੀਤਾ। ਨਿਯਮਾਂ ਨੂੰ ਨੁੱਕਰੇ ਰੱਖਕੇ ਪੰਜਾਬੀਆਂ ਦੀ ਬਜਾਏ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਵੀ ਨੌਕਰੀ ਦਿੱਤੀ ਗਈ। ਇਹ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਧੋਖਾ ਹੈ।
ਉਨ੍ਹਾਂ ਨੇ ਕਿਹਾ ਕਿ ਘਰ ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਸਰਕਾਰ ਬਣਨ ਤੋਂ ਬਾਅਦ ਰੋਜ਼ਗਾਰ ਮੰਗਣ ਵਾਲੇ ਬੇਰੋਜ਼ਗਾਰ ਨੌਜਵਾਨਾਂ ‘ਤੇ ਪੁਲਿਸ ਦੀਆਂ ਲਾਠੀਆਂ ਚਲਵਾਈਆਂ ਅਤੇ ਆਪਣੇ ਨੇਤਾਵਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ। ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਨੌਕਰੀ ਲਈ ਪਿਛਲੇ ਪੰਜ ਸਾਲ ਸੜਕਾਂ ‘ਤੇ ਅੰਦੋਲਨ ਕਰਦੇ ਰਹੇ ਅਤੇ ਪਾਣੀ ਦੀਆਂ ਟੰਕੀਆਂ ਉੱਤੇ ਚੜ੍ਹਦੇ ਰਹੇ, ਲੇਕਿਨ ਕਾਂਗਰਸ ਸਰਕਾਰ ਨੇ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਦਲੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪਹਿਲ ਦਿੱਤੀ।
ਬੈਂਸ ਨੇ ਪਿਛਲੇ 5 ਸਾਲ ਦੇ ਦੌਰਾਨ ਵਿਧਾਨ ਸਭਾ ਵਿੱਚ ਹੋਈਆਂ ਭਰਤੀਆਂ ਦੀ ਲਿਸਟ ਜਾਰੀ ਕਰਦੇ ਹੋਏ ਕਿਹਾ ਕਿ ਭਰਤੀ ਹੋਏ ਸਾਰੇ ਲੋਕ ਪੰਜਾਬ ਦੇ ਵੱਡੇ ਕਾਂਗਰਸੀ ਨੇਤਾਵਾਂ ਵਿਧਾਇਕਾਂ ਅਤੇ ਮੰਤਰੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਹਨ। ਕਈਂ ਲੋਕ ਸੀਨੀਅਰ ਅਹੁਦੇਦਾਰਾਂ ਦੇ ਨਜ਼ਦੀਕੀ ਹਨ ( ਪੂਰੀ ਜਾਣਕਾਰੀ ਲਿਸਟ ਵਿੱਚ ਹੈ)। ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਭਰਤੀ ‘ਤੇ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ,” ਕੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਕਿ ਉਹ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਨੌਕਰੀ ਦੇ ਰਹੀ ਹੈ?
ਉਨ੍ਹਾਂ ਲਿਸਟ ਵਿੱਚੋਂ ਕੁੱਝ ਨਾਮਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਵਿੱਚ ਸਹਾਇਕ ਸੂਚਨਾ ਅਧਿਕਾਰੀ ਦੀ ਪੋਸਟ ਉੱਤੇ ਭਰਤੀ ਸਿੱਧਾਰਥ ਠਾਕੁਰ ਬਿਊਰੋਕਰੇਟ ਵੀਸੀ ਠਾਕੁਰ ਦਾ ਬੇਟਾ ਹੈ, ਜੋ ਰਾਣਾ ਕੇਪੀ ਸਿੰਘ ਦਾ ਨਜ਼ਦੀਕੀ ਹਨ। ਇਸੇ ਤਰ੍ਹਾਂ ਮਨਜਿੰਦਰ ਸਿੰਘ ਨਿਵਾਸੀ ਸੰਗਰੂਰ ਸਪੁਤਰ ਰਾਮ ਸਿੰਘ, ਸੁਰਜੀਤ ਸਿੰਘ ਧੀਮਾਨ ਕਾਂਗਰਸ ਐਮਐਲਏ ਦਾ ਭਤੀਜਾ ਹੈ, ਗੌਰਵ ਠਾਕੁਰ ਸਪੁਤਰ ਰਾਜੇਸ਼ ਸਿੰਘ ਜੋ ਹੋਸ਼ਿਆਰ ਵਲੋਂ ਸਬੰਧਤ ਹੈ ਅਤੇ ਰਾਣੇ ਕੇਪੀ ਸਿੰਘ ਦਾ ਰਿਸ਼ਤੇਦਾਰ ਹੈ। ਪਰਵੀਨ ਕੁਮਾਰ ਸਪੁਤਰ ਪ੍ਰੇਮ ਚੰਦ, ਜੋਗਿੰਦਰ ਸਿੰਘ ਸਾਬਕਾ ਐਮਐਲਏ ਦਾ ਭਤੀਜਾ ਹੈ, ਇੱਕ ਹੀ ਘਰ ਤੋਂ ਦੋ ਭਰਾ ਗੌਰਵ ਰਾਣਾ ਅਤੇ ਸੌਰਭ ਰਾਣਾ ਸਪੁਤਰ ਪ੍ਰੇਮਚੰਦ, ਜੋ ਰਾਣਾ ਕੇਪੀ ਸਿੰਘ ਦੇ ਰਿਸ਼ਤੇਦਾਰ ਹਨ, ਰਾਕੇਸ਼ ਕੁਮਾਰ ਸਪੁਤਰ ਹਰਬੰਸ ਲਾਲ, ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ, ਦਾ ਬੇਟਾ ਹੈ। ਬੈਂਸ ਨੇ ਦੱਸਿਆ ਕਿ ਇਹਨਾਂ ਦੀ ਨਿਯੁਕਤੀ ਵਿਧਾਨ ਸਭਾ ਵਿੱਚ ਕਰਨ ਤੋਂ ਬਾਅਦ ਇਨ੍ਹਾਂ ਨੂੰ ਰੋਪੜ ਦੇ ਡੀਸੀ ਦਫਤਰ ਵਿੱਖੇ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਇਹ ਨਾ ਤਾਂ ਵਿਧਾਨ ਸਭਾ ਜਾਂਦੇ ਹਨ ਅਤੇ ਨਾ ਹੀ ਡੀਸੀ ਦਫ਼ਤਰ, ਘਰ ਬੈਠੇ ਹੀ ਮੁਫ਼ਤ ਦੀ ਤਨਖਾਹ ਲੈ ਰਿਹਾ ਹੈ। ਬੈਂਸ ਨੇ ਅੱਗੇ ਦੱਸਿਆ ਕਿ ਇਸੀ ਤਰ੍ਹਾਂ ਅਜੈ ਕੁਮਾਰ ਸਪੁਤਰ ਰਾਮ ਸਵਰੂਪ ਜੋ ਬਠਿੰਡਾ ਨਾਲ ਸਬੰਧਤ ਹੈ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇੱਥੇ ਕੰਮ ਕਰਦਾ, ਇਹ ਵੀ ਇੱਕ ਦਿਨ ਵੀ ਵਿਧਾਨ ਸਭਾ ਨਹੀਂ ਗਏ ਅਤੇ ਮੁਫਤ ਵਿੱਚ ਤਨਖਾਹ ਲੈ ਰਿਹਾ ਹੈ। ਅਵਤਾਰ ਸਿੰਘ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦੇ ਡਰਾਈਵਰ ਦਾ ਬੇਟਾ ਹੈ, ਕੁਲਦੀਪ ਸਿੰਘ ਮਾਨ ਮਨਪ੍ਰੀਤ ਬਾਦਲ ਦੇ ਸਟਾਫ ਤੋਂ ਹੈ, ਪ੍ਰਮੋਦ ਕੁਮਾਰ ਸਪੁਤਰ ਕਮਲਦੀਪ ਜੋ ਪੀਆਰਟੀਸੀ ਦੇ ਡਾਇਰੈਕਟਰ ਦਾ ਬੇਟਾ ਹੈ। ਹਰਜੋਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਇਸ ਘੁਟਾਲੇ ਦੀ ਇੱਥੇ ਹੀ ਹੱਦ ਨਹੀਂ ਹੁੰਦੀ ਹੈ ਇਨ੍ਹਾਂ ਵਿਚੋਂ ਕਈ ਲੋਕਾਂ ਨੂੰ ਉਨ੍ਹਾਂ ਦੇ ਜਾਲੀ ਪਤਿਆਂ ‘ਤੇ ਨਿਯੁਕਤੀ ਪੱਤਰ ਸੌਂਪੇ ਗਏ। ਅੰਜੂ ਬਾਲਾ ਜੋ ਧਰਮ ਪਾਲ ਦੀ ਧੀ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਸਕੱਤਰ ਦੇ ਸਾਲੀ ਹੈ। ਸੂਰਜ ਪ੍ਰੀਤ ਕੌਰ ਡਿਪਟੀ ਸਪੀਕਰ ਦੀ ਭਾਣਜੀ ਹੈ, ਤਰੁਣ ਸ਼ਰਮਾ ਵਿਧਾਨ ਸਭਾ ਦੇ ਸਾਬਕਾ ਸਕੱਤਰ ਲਖਨਪਾਲ ਮਿਸ਼ਰਾ ਦੀ ਭੈਣ ਦੀ ਨੂੰਹ ਹੈ। (ਸਾਰੇ ਨਾਮਾਂ ਦੀ ਜਾਣਕਾਰੀ ਲਈ ਕ੍ਰਿਪਾ ਕਰਕੇ ਲਿਸਟ ਦੇਖੀ ਜਾਵੇ)
ਬੈਂਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਰਤੀ ਕਰਨ ਲਈ ਨਿਯਮਾਂ ਨੂੰ ਨੁਕਰੇ ਰੱਖਕੇ ਇੱਕ ਅਪਾਇੰਟਮੈਂਟ ਸੈਲ ਬਣਾਇਆ ਗਿਆ ਅਤੇ ਉਸਦੇ ਅਧੀਨ ਇੱਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਕਾਂਗਰਸ ਦੇ ਪ੍ਰਭਾਵ ਹੇਠ ਕਾਰਜ ਕੀਤਾ ਅਤੇ ਨਿਯੁਕਤੀ ਪੇਪਰਾਂ ‘ਤੇ ਹਸਤਾਖ਼ਰ ਕੀਤੇ। ਇੰਨਾ ਹੀ ਨਹੀਂ ਹਸਤਾਖ਼ਰ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਅਵਾਰਡ ਦੇਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੈੱਟ ਕੀਤਾ ਗਿਆ।
ਬੈਂਸ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇਗੀ। ਭਰਤੀ ਕਰਨ ਲਈ ਜਿਨ੍ਹਾਂ ਤੋਂ ਪੈਸਾ ਲਿਆ ਗਿਆ, ਉਨ੍ਹਾਂ ਦਾ ਪੈਸਾ ਉਨ੍ਹਾਂ ਲੋਕਾਂ ਤੋਂ ਹੀ ਵਾਪਸ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਜਿੰਨੇ ਵੀ ਨੇਤਾਵਾਂ ਦੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ, ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾਵੇਗੀ।
Share the post "ਵਿਧਾਨ ਸਭਾ ਕਰਮਚਾਰੀ ਭਰਤੀ ਨੂੰ ਲੈਕੇ ‘ਆਪ’ ਨੇ ਕਾਂਗਰਸ ‘ਤੇ ਲਗਾਏ ਵਿਧਾਇਕਾਂ-ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਆਰੋਪ"