ਸਿਆਸੀ ਵਿੰਗ ਨੇ ਡੇਰਾ ਮੁਖੀ ਨੂੰ ਮਿਲਕੇ ਦਿੱਤੀ ਮੁਢਲੀ ਰੀਪੋਰਟ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਫਰਵਰੀ: ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਚੋਣਾਂ ’ਚ ਮਾਲਵਾ ਪੱਟੀ ਖੇਤਰ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਡੇਰਾ ਸਿਰਸਾ 18 ਫ਼ਰਵਰੀ ਨੂੰ ਅਪਣੇ ਸਿਆਸੀ ਪੱਤੇ ਖੋਲੇਗਾ। ਡੇਰੇ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਡੇਰੇ ਵਲੋਂ ਸਿਆਸੀ ਫੈਸਲੇ ਲੈਣ ਲਈ ਬਣਾਏ ਵਿੰਗ ਵਲੋਂ ਹੁਣ ਤੱਕ ਪੰਜਾਬ ਦੀ ਸਥਿਤੀ ਅਤੇ ਪਿਛਲੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਦੀ ਡੇਰੇ ਪ੍ਰਤੀ ਰਹੀ ਭੂਮਿਕਾ ਬਾਰੇ ਜਾਣਕਾਰੀ ਦੇ ਦਿੱਤੀ ਹੈ। ਉਜ ਸੂਤਰਾਂ ਨੇ ਇਹ ਜਰੂਰ ਦਾਅਵਾ ਕੀਤਾ ਕਿ 2007 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਤਰਜ਼ ’ਤੇ ਇਸ ਵਾਰ ਡੇਰਾ ਸਿਰਸਾ ਖੁੱਲੇ ਤੌਰ ’ਤੇ ਸਿਆਸੀ ਹਿਮਾਇਤ ਦਾ ਐਲਾਨ ਨਹੀਂ ਕਰੇਗਾ। ਹਾਲਾਂਕਿ ਡੇਰਾ ਮੁਖੀ ਰਾਮ ਰਹੀਮ ਨੂੰ ਐਨ ਪੰਜਾਬ ਚੋਣਾਂ ਮੌਕੇ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਫ਼ਰਲੋ ਦੇਣ ਦੇ ਚੱਲਦਿਆਂ ਸਿਆਸੀ ਮਾਹਰ ਹਿਮਾਇਤ ਭਾਜਪਾ ਨੂੰ ਮਿਲਣ ਦੀ ਪੇਸ਼ਨਗੋਈ ਕਰ ਰਹੇ ਹਨ ਪ੍ਰੰਤੂ ਚਰਚਾ ਇਹ ਵੀ ਚੱਲ ਰਹੀ ਹੈ ਕਿ ਡੇਰਾ ਪ੍ਰਬੰਧਕ ਤੇ ਖ਼ਾਸ ਤੌਰ ’ਤੇ ਸਿਆਸੀ ਵਿੰਗ 117 ਸੀਟਾਂ ’ਤੇ ਇੱਕ ਹੀ ਪਾਰਟੀ ਨੂੰ ਹਿਮਾਇਤ ਦੇਣ ਦਾ ਫੈਸਲਾ ਲੈਣ ਦੇ ਹੱਕ ਵਿਚ ਨਹੀਂ ਹੈ। ਪਤਾ ਚੱਲਿਆ ਹੈ ਕਿ ਕਈ ਥਾਂ ਡੇਰਾ ਪ੍ਰਬੰਧਕਾਂ ਵਲੋਂ ਕੁੱਝ ਪ੍ਰਮੁੱਖ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਚੁੱਪ ਚਪੀਤੇ ਹਿਮਾਇਤ ਦਿੱਤੀ ਜਾ ਸਕਦੀ ਹੈ ਤਾਂ ਕਿ ਸਿੱਧੇ ਤੌਰ ‘ਤੇ ਕੋਈ ਨਰਾਜ਼ਗੀ ਮੁੱਲ ਲੈਣ ਤੋਂ ਬਚਿਆ ਜਾਵੇ। ਇੱਥੇ ਦਸਣਾ ਬਣਦਾ ਹੈ ਕਿ ਸਾਲ 2007 ਵਿਚ ਡੇਰੇ ਵਲੋਂ ਕਾਂਗਰਸ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ ਸੀ। ਜਿਸਤੋਂ ਬਾਅਦ ਡੇਰਾ ਮੁਖੀ ਵਲੋਂ ਸਲਾਬਤਪੁਰਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੀ ਤਰ੍ਹਾਂ ਜਾਮ-ਏ-ਇੰਸਾਂ ਪਿਲਾਉਣ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਰੋਸ਼ ਫੈਲ ਗਿਆ ਸੀ ਤੇ ਦੋਨਾਂ ਧਿਰਾਂ ਵਿਚਕਾਰ ਵੱਡੇ ਪੱਧਰ ’ਤੇ ਤਣਾਅ ਪੈਦਾ ਹੋ ਗਿਆ ਸੀ। ਜਿਸਦੇ ਚੱਲਦੇ 2012 ਵਿਚ ਡੇਰੇ ਨੇ ਚੂੱਪ ਚਪੀਤੇ ਹਿਮਾਇਤ ਦਿੱਤੀ ਸੀ ਪ੍ਰੰਤੂ 2017 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਖੁੱਲ੍ਹੇਆਮ ਹਮਾਇਤ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਸੂਬੇ ਵਿਚ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਸੀ। ਇੱਥੇ ਇਹ ਵੀ ਵਰਣਨ ਕਰਨਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਵਿਚ ਪੁਲਿਸ ਵਲੋਂ ਕੀਤੀ ਪੜਤਾਲਾਂ ਤੋਂ ਬਾਅਦ ਹੁਣ ਦਰਜ਼ਨਾਂ ਡੇਰਾ ਪ੍ਰੇਮੀਆਂ ਸਹਿਤ ਸੌਦਾ ਸਾਧ ਨੂੰੂ ਵੀ ਨਾਮਜਦ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ 2017 ਵਿਚ ਡੇਰਾ ਮੁਖੀ ਨੂੰ ਜੇਲ੍ਹ ਅੰਦਰ ਬੰਦ ਕਰਨ ਤੋਂ ਬਾਅਦ ਪ੍ਰੇਮੀਆਂ ਦੇ ਹੋਸਲੇ ਵੱਡੀ ਪੱਧਰ ’ਤੇ ਪਸਤ ਹੋਏ ਹਨ। ਜਿਸਦੇ ਚੱਲਦੇ ਹੁਣ ਡੇਰੇ ਵਲੋਂ ਫ਼ੂਕ ਫ਼ੂਕ ਕੇ ਕਦਮ ਚੁੱਕੇ ਜਾ ਰਹੇ ਹਨ। ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਦਾਅਵਾ ਕੀਤਾ ਕਿ ਡੇਰਾ ਪੈਰੋਕਾਰਾਂ ਨਾਲ ਵਿਚਾਰ ਵਿਟਾਂਦਰੇ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਹਿਮਾਇਤ ਸਬੰਧੀ ਵੋਟਾਂ ਤੋਂ ਦੋ ਦਿਨ ਪਹਿਲਾਂ ਫੈਸਲਾ ਲਿਆ ਜਾਵੇਗਾ।
ਵਿਧਾਨ ਸਭਾ ਚੋਣਾਂ: ਡੇਰਾ ਸਿਰਸਾ 18 ਨੂੰ ਖੋਲੇਗਾ ਸਿਆਸੀ ਪੱਤੇ
13 Views