ਸੁਖਜਿੰਦਰ ਮਾਨ
ਬਠਿੰਡਾ, 4 ਦਸੰਬਰ: ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਨਵੀਂਨੀਕਰਨ ਵਿਚ ਲੱਗੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਤਿੰਨ ਹੋਰ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਸਕੂਲਾਂ ਦੀਆਂ ਨਵੀਆਂ ਤੇ ਆਧੁਨਿਕ ਇਮਰਾਤਾਂ ਬਣਾਉਣ ਲਈ ਪਿਛਲੇ ਸਮੇਂ ਤੋਂ ਕੰਮ ਚੱਲ ਰਿਹਾ ਸੀ। ਇੰਨ੍ਹਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਹਾਜੀ ਰਤਨ, ਦੇਸ ਰਾਜ ਪ੍ਰਾਈਮਰੀ ਸਕੂਲ ਕਿੱਕਰ ਬਾਜ਼ਾਰ ਅਤੇ ਸਰਕਾਰੀ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਸੰਜੇ ਨਗਰ ਸ਼ਾਮਲ ਹਨ। ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਹਾਜੀ ਰਤਨ ਦੀ ਇਮਾਰਤ ’ਤੇ 171 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਬਿਲਡਿੰਗ ਦੇ ਗਰਾਊਂਡ ਫਲੋਰ ਤੇ ਤਿੰਨ ਕਲਾਸ ਰੂਮ, ਪਿ੍ਰੰਸੀਪਲ ਰੂਮ, ਸਟਾਫ ਰੂਮ, ਟੁਆਇਲਟ ਬਲਾਕ, ਲਾਇਬਰੇਰੀ, ਵਰਾਂਡਾ ਅਤੇ ਰੈਪ ਬਣਾਇਆ ਗਿਆ ਹੈ, ਜਦੋਂ ਕਿ ਪਹਿਲੀ ਮੰਜਿਲ ’ਤੇ ਪੰਜ ਕਲਾਸ ਰੂਮ, ਲੈਬ,ਲਡਕੇ ਲਡਕੀਆਂ ਲਈ ਟੋਆਇਲਟ ਸਮੇਤ ਬਰਾਂਡੇ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਦੇਸ ਰਾਜ ਸਕੂਲ ਕਿੱਕਰ ਬਾਜ਼ਾਰ ਦੀ ਨਵੀਂ ਉਸਾਰੀ ਇਮਾਰਤ ’ਤੇ 157.18 ਲੱਖ ਰੁਪਏ ਦਾ ਖਰਚਾ ਹੋਇਆ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਜੇ ਨਗਰ ਦੀ ਨਵੀਂ ਉਸਾਰੀ ਗਈ ਇਮਾਰਤ ਤੇ 214.77 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਦੀ ਕੁਝ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਗਰਾਊਂਡ ਫਲੋਰ ’ਤੇ ਪਾਰਕਿੰਗ, ਦੋ ਕਲਾਸ ਰੂਮ, ਪਿ੍ਰੰਸੀਪਲ ਰੂਮ, ਪੌੜੀਆਂ ਅਤੇ ਰੈਪ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪੰਦਰਾਂ ਸਰਕਾਰੀ ਸਕੂਲਾਂ ਦੀਆਂ ਆਧੁਨਿਕ ਤੇ ਨਵੀਂਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ ਹੈ, ਜਿਨ੍ਹਾਂ ਦੇ ਉਦਘਾਟਨ ਆਉਂਦੇ ਦਿਨਾਂ ਵਿਚ ਕੀਤੇ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਜਿਹੜੇ ਖਿੱਤੇ ਵਿਚ ਸਿੱਖਿਆ ਦਾ ਪੱਧਰ ਉੱਚਾ ਹੈ ਉਹ ਤਰੱਕੀ ਕਰਦਾ ਹੈ। ਇਸ ਲਈ ਉਨ੍ਹਾਂ ਬਠਿੰਡਾ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਦਾ ਤਹੱਈਆ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਪੜ੍ਹ ਲਿਖ ਕੇ ਅੱਗੇ ਵਧ ਸਕਣ। ਵਿੱਤ ਮੰਤਰੀ ਨੇ ਕਿਹਾ ਧੋੁਬੀਆਣਾ ਦੇ ਸਕੂਲ ਵਿਚ ਇੰਟਰਨੈਸ਼ਨਲ ਪੱਧਰ ਦਾ ਸਵੀਮਿੰਗ ਪੂਲ ਬਣ ਰਿਹਾ ਹੈ ਜਿਸ ਉਪਰ ਕਰੋੜਾਂ ਰੁਪਏ ਖਰਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰਕਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਉਨ੍ਹਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਭਰੋਸ ਦਿਵਾਇਆ ਕਿ ਜੇਕਰ ਸਕੂਲ ਅੰਦਰ ਕਿਸੇ ਹੋਰ ਚੀਜ ਦੀ ਜਰੂਰਤ ਹੋਵੇਗੀ ਤਾਂ ਉਸਨੂੰ ਵੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਿਤ ਮੰਤਰੀ ਦੀ ਧਰਮਪਤਨੀ ਵੀਨੂੰ ਬਾਦਲ, ਜੈਜੀਤ ਜੌਹਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਮੇੇਅਰ ਰਮਨ ਗੌਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ , ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ ਕੇ ਅਗਰਵਾਲ, ਕੋਂਸਲਰ ਸ਼ਾਮ ਲਾਲ ਜੈਨ, ਨਵੀਨ ਵਾਲਮੀਕ, ਟਹਿਲ ਸਿੰਘ ਬੁੱਟਰ ਅਤੇ ਹੋਰ ਆਗੂ ਮੌਜੂਦ ਸਨ।
Share the post "ਵਿੱਤ ਮੰਤਰੀ ਨੇ ਸ਼ਹਿਰ ਦੇ ਤਿੰਨ ਹੋਰ ਸਰਕਾਰੀ ਸਕੂਲਾਂ ਦੀਆਂ ਨਵੀਂਆਂ ਇਮਾਰਤਾਂ ਦਾ ਕੀਤਾ ਉਦਘਾਟਨ"