ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਕੂਲ ਖੁਲ੍ਹਵਾਉਣ ਅਤੇ ਕੋਵਿਡ ਟੀਕਾਕਰਨ ਨਿਯਮਾਂ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਸਬੰਧੀ ਬੋਲਦਿਆਂ ਬਲਦੇਵ ਸਿੰਘ ਸੰਦੋਹਾ ਅਤੇ ਰੇਸਮ ਸਿੰਘ ਯਾਤਰੀ ਨੇ ਕਿਹਾ ਕਿ ਹੁਣ ਜਦ ਚੋਣ ਰੈਲੀਆਂ ਵਿਚ ਹਜਾਰਾਂ ਦਾ ਇਕੱਠ ਹੋ ਰਿਹਾ ਹੈ, ਬੱਸਾਂ ਵਿਚ ਭੀੜ ਹੈ ਤੇ ਜਨਤਕ ਥਾਵਾਂ ’ਤੇ ਕੋਈ ਰੋਕ ਟੋਕ ਨਹੀਂ ਤਾਂ ਫ਼ਿਰ ਇਕੱਲੇ ਸਕੂਲਾਂ ਨੂੰ ਹੀ ਕਿਉਂ ਬੰਦ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪਹਿਲੀ ਤੋਂ ਛੇਵੀਂ ਤੱਕ ਦੇ ਸਕੂਲਾਂ ਨੂੰ ਵੀ ਵਿਦਿਆਰਥੀਆਂ ਲਈ ਮੁੜ ਖੋਲਿਆ ਜਾਵੇ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਭਾਵੇਂ 6ਵੀ ਕਲਾਸ ਤੋਂ ਅੱਗੇ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ ਪਰ ਜਿਹੜੇ ਬੱਚਿਆਂ ਦੇ ਵੈਕਸੀਨ ਨਹੀਂ ਲੱਗੀ ਉਨ੍ਹਾਂ ਨੂੰ ਸਕੂਲ ਵੜਨ ਨਹੀਂ ਦਿੱਤਾ ਜਾਂਦਾ। ਜਦੋਂਕਿ ਸੁਪਰੀਮ ਕੋਰਟ ਵਲੋਂ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੈਕਸੀਨ ਲੈਣਾ ਨਾਗਰਿਕ ਦਾ ਆਪਣਾ ਫੈਸਲਾ ਹੈ ਤੇ ਇਸਨੂੰ ਜਬਰੀ ਥੋਪਿਆਂ ਨਹੀਂ ਜਾ ਸਕਦਾ। ਇਸ ਦੌਰਾਨ ਮੋੜ , ਰਾਮਪੁਰਾ ਫੂਲ, ਤਲਵੰਡੀ ਸਾਬੋ ਦੇ ਐਸ.ਡੀ.ਐਮਜ਼ ਨੂੰ ਵੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ , ਸੂਬਾ ਆਗੂ ਰੇਸਮ ਸਿੰਘ ਯਾਤਰੀ ਤੋਂ ਇਲਾਵਾ ਰਣਜੀਤ ਸਿੰਘ ਜੀਦਾ , ਗੁਰਮੇਲ ਸਿੰਘ ਲਹਿਰਾ, ਕੁਲਵੰਤ ਸਿੰਘ ਨਹਿਆਵਾਲਾ, ਜਗਦੇਵ ਸਿੰਘ ਮਹਿਤਾ, ਮਹਿਮਾ ਸਿੰਘ ਤਲਵੰਡੀ, ਬਿੱਕਰ ਸਿੰਘ ਕਲਿਆਣ ਆਦਿ ਆਗੂ ਸਾਮਲ ਸਨ।
ਸਕੂਲ ਖੁਲਵਾਉਣ ਲਈ ਕਿਸਾਨ ਜਥੇਬੰਦੀ ਨੇ ਦਿੱਤਾ ਮੰਗ ਪੱਤਰ
11 Views