ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ : ਪੈਨਸ਼ਨਾਂ ਸਬੰਧੀ ਫਾਈਲਾਂ ਪੂਰੀਆਂ ਨਾ ਹੋਣ ਕਰਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਪੀਐਸਪੀਸੀਐਲ ਦੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਇੱਥੇ ਪੀਐੱਸਪੀਸੀਐਲ ਪਟਿਆਲਾ ਮੁੱਖ ਦਫ਼ਤਰ ਤੋਂ ਪੰਜ ਮੈਂਬਰੀ ਇਕ ਟੀਮ ਸਥਾਨਕ ਫੀਲਡ ਹੋਸਟਲ ਵਿਖੇ ਪਹੁੰਚੀ, ਜਿਥੇ ਕਰੀਬ 21 ਡਵੀਜ਼ਨਾਂ ਨਾਲ ਸਬੰਧਤ ਸੁਪਰਡੰਟ ਅਤੇ ਅਕਾਊਂਟੈਂਟ ਪੈਨਸ਼ਨ ਸਬੰਧੀ ਕੇਸਾਂ ਦੀਆਂ ਫਾਈਲਾਂ ਲੈ ਕੇ ਪਹੁੰਚੇ ਹੋਏ ਸਨ। ਇਸ ਸਬੰਧੀ ਡਿਪਟੀ ਚੀਫ਼ ਇੰਜੀਨੀਅਰ (ਟੈਕ ਟੂ ਡਾਇਰੈਕਟਰ ਐਡਮਿਨ) ਸੁਖਵਿੰਦਰ ਸਿੰਘ ਅਤੇ ਡਿਪਟੀ ਚੀਫ਼ ਇੰਜੀਨੀਅਰ (ਹੈੱਡਕੁਆਟਰ) ਰੁਪਾਲੀ ਧਾਲੀਵਾਲ ਅਤੇ ਨਿਸ਼ੀ ਰਾਣੀ ਉਪ ਸਕੱਤਰ ਵੱਲੋਂ ਸ਼ੁਕਰਵਾਰ ਨੂੰ ਪੀਐਸਪੀਸੀਐਲ ਪੱਛਮ ਜ਼ੋਨ ਬਠਿੰਡਾ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨਾਂ ਦੇ ਕੇਸਾਂ ਦਾ ਰਿਵਿਊ ਕਰਨਾ ਸੀ। ਇਸ ਮੌਕੇ ਟੀਮ ਵੱਲੋਂ ਬਠਿੰਡਾ ਸਰਕਲ, ਮੁਕਤਸਰ ਸਰਕਲ, ਫ਼ਰੀਦਕੋਟ ਸਰਕਲ, ਫ਼ਿਰੋਜ਼ਪੁਰ ਸਰਕਲ, ਪੀ ਤੇ ਐੱਮ ਸਰਕਲ ਬਠਿੰਡਾ ਦੇ ਅਫਸਰਾਂ ਪਾਸੋਂ ਸਬੰਧਤ ਕੇਸਾਂ ਦੀ ਡੂੰਘਾਈ ਨਾਲ ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੌਰਾਨ ਇੰਜ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀਐਸਪੀਸੀਐਲ ਦੇ ਪੈਨਸ਼ਨਰਾਂ ਨਾਲ ਜੁੜੇ 8/2022 ਤੋਂ 6/2023 ਤੱਕ ਦੇ ਸਾਰੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਜੁਲਾਈ 2023 ਤੋਂ ਦਸੰਬਰ 23 ਵਿਚਾਲੇ ਰਿਟਾਇਰ ਹੋ ਰਹੇ ਮੁਲਾਜ਼ਮਾਂ ਨਾਲ ਜੁੜੇ ਪੈਨਸ਼ਨਾਂ ਸਬੰਧੀ ਕੇਸਾਂ ਤੇ ਵਿਚਾਰ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਆਪਣੇ ਰਿਟਾਇਰਮੈਂਟ ਸਬੰਧੀ ਲਾਭ ਸਮੇਂ-ਸਿਰ ਮਿਲ ਸਕਣ। ਉਨ੍ਹਾਂ ਕਿਹਾ ਕਿ 31 ਦਸੰਬਰ 2023 ਤਕ ਲੱਗਭਗ 900 ਮੁਲਾਜ਼ਮ ਨੌਕਰੀ ਰਿਟਾਇਰ ਹੋ ਰਹੇ ਹਨ। ਇਸ ਤੋ ਇਲਾਵਾ 16/4/2010 (ਜਦੋ ਤੋਂ ਕਾਰਪੋਰੇਸ਼ਨ ਬਨੀ) 31/12/22 ਤੱਕ ਦੇ 37 ਮ੍ਰਿਤਕ ਹੋਏ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 17 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇੰਜ. ਸੁਖਵਿੰਦਰ ਨੇ ਹੋਰ ਦੱਸਿਆ ਕਿ ਪੈਨਸ਼ਨਰਾਂ ਦੀ ਸੁਵਿਧਾ ਵਾਸਤੇ ਪੀਐੱਸਪੀਸੀਐੱਲ ਨੇ ’ਪੈਨਸ਼ਨ ਹੈਲਪਲਾਈਨ, ਵੀ ਆਪਣੇ ਪੈਨਸ਼ਨਰਾਂ ਵਾਸਤੇ ਸਥਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੈਨਸ਼ਨਾਂ ਸਬੰਧੀ ਕੇਸਾਂ ਦਾ ਸਟੇਟਸ ਜਾਣਨ ਲਈ ਰਿਟਾਇਰ ਹੋ ਚੁੱਕੇ ਮੁਲਾਜ਼ਮ/ਮ੍ਰਿਤਕ ਮੁਲਾਜ਼ਮਾਂ ਦੇ ਬੱਚੇ ਤਹਿਸ਼ੁਦਾ ਫਾਰਮੈਟ ਹੇਠ ਹੈੱਲਪਲਾਈਨ ਮੋਬਾਇਲ ਨੰ. 9646115517 ਤੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ/ ਵਟਸਐਪ /ਐਸਐਮਐਸ ਕਰ ਸਕਦੇ ਹਨ, ਜਿਹੜਾ ਫਾਰਮੈਟ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੇ ਉਪਲੱਬਧ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਭਾਗ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਵੀ ਦੇਖੀ, ਤਾਂ ਜੋ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਡਿਵੀਜ਼ਨਲ ਸੁਪਰਡੈਂਟ, ਸਰਕਲ ਸੁਪਰਡੈਂਟ ਅਤੇ ਅਕਾਊਂਟੈਂਟ ਮੌਜੂਦ ਰਹੇ।
Share the post "ਸਮੇਂ ਸਿਰ ਪੈਨਸ਼ਨ ਸਬੰਧੀ ਕੇਸ ਮੁੱਖ ਦਫ਼ਤਰ ਨਾ ਭੇਜਣ ਵਾਲੇ ਪੀਐੱਸਪੀਸੀਐਲ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ"