ਸੁਖਜਿੰਦਰ ਮਾਨ
ਬਠਿੰਡਾ, 11 ਮਾਰਚ: ਸੂਬੇ ’ਚ ਸਰਕਾਰ ਬਦਲਦਿਆਂ ਅਧਿਕਾਰੀਆਂ ਦਾ ਰੁੱਖ ਵੀ ਬਦਲਦਾ ਨਜ਼ਰ ਆ ਰਿਹਾ ਹੈ। ਬੀਤੇ ਕੱਲ ਤੱਕ ਅੱਖਾਂ ਬੰਦ ਕਰਕੇ ਬੈਠੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੇ ਅੱਜ ਵੱਡਾ ਲਾਮਲਸ਼ਕਰ ਲੈ ਕੇ ਸਥਾਨਕ ਸ਼ਹਿਰ ਦੀ ਫਰੂਟ ਮੰਡੀ ਵਿਚ ਬਣੇ ਕਥਿਤ ਨਜਾਇਜ਼ ਸੈੱਡ ਹਟਾ ਦਿੱਤਾ। ਇਸ ਮੌਕੇ ਕੁੱਝ ਫਰੂਟ ਵਪਾਰੀਆਂ ਨੇ ਦੋਸ਼ ਲਗਾਇਆ ਕਿ ਇੱਥੇ ਨਾਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੰਡੀ ਅਫਸਰ ਕੰਵਰਪ੍ਰੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਕੁੱਝ ਲੋਕ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ੇ ਜਮਾਈ ਬੈਠੇ ਸਨ, ਜਿੰਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਫਰੂਟ ਮੰਡੀ ਵਿੱਚ ਨਜਾਇਜ਼ ਕੰਮ ਕਰ ਸਕੇਗਾ ਤਾਂ ਉਸਨੂੰ ਬਖਸਿਆਂ ਨਹੀਂ ਜਾਵੇਗਾ। ਪਤਾ ਚੱਲਿਆ ਹੈ ਿਕ ਇਨ੍ਹਾਂ ਸੈਡਾਂ ਦੀ ਦੀ ਉਸਾਰੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਰਵਾਈ ਗਈ ਸੀ ਤੇ ਹੁਣ ਵੋਟਾਂ ਦੌਰਾਨ ਕੁੱਝ ਵਿਅਕਤੀ ਇੱਥੇ ਬੋਰਡ ਲਗਾ ਗਏ ਸਨ। ਹਾਲਾਂਕਿ ਫਲ ਮੰਡੀ ਦੇ ਕੁੱਝ ਆੜਤੀਆਂ ਵਲੋਂ ਇੱਥੇ ਗੱਡੀਆਂ ਦੀ ਪਾਰਕਿੰਗ ਹੋਣ ਕਾਰਨ ਉਨ੍ਹਾਂ ਫੜਾਂ੍ਹ ਦੀ ਉਸਾਰੀ ਦਾ ਵਿਰੋਧ ਕੀਤਾ ਸੀ। ਇਸ ਵਿਚਕਾਰ ਚੋਣ ਜਾਬਤਾ ਲੱਗਣ ਕਾਰਨ ਫੜਾਂ੍ਹ ਦੀ ਵੰਡ ਨਹੀਂ ਹੋ ਸਕੀ ਸੀ ਤੇ ਹੁਣ ਚੋਣਾਂ ਤੋਂ ਪਹਿਲਾਂ ਰਾਤੋਂ-ਰਾਤ ਕੁਝ ਵਿਅਕਤੀਆਂ ਵਲੋਂ ਉਕਤ ਫੜਾਂ੍ਹ ‘ਤੇ ਕਬਜ਼ੇ ਕਰਕੇ ਆਪਣੀਆਂ ਫਲੈਕਸਾਂ ਲਗਾਂ ਲਈਆਂ ਸਨ। ਇਸ ਦੇ ਵਿਰੋਧ ਵਜੋਂ ਫਲ ਮੰਡੀ ਵਲੋਂ ਸ਼ਨੀਵਾਰ ਤੋਂ ਮੰਡੀ ਬੰਦ ਦਾ ਐਲਾਨ ਕੀਤਾ ਗਿਆ ਸੀ। ਮਾਮਲਾ ਗਰਮਾਉਂਦਾ ਵੇਖ ਸ਼ੁੱਕਰਵਾਰ ਸਵੇਰੇ ਮੰਡੀ ਬੋਰਡ ਦੇ ਅਧਿਕਾਰੀ ਅਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਪੁਲਿਸ ਪਾਰਟੀ ਨਾਲ ਮੰਡੀ ਵਿਚ ਪਹੁੰਚੇ ਅਤੇ ਉਕਤ ਫੜਾਂ੍ਹ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਜ਼ਿਕਰਯੋਗ ਹੈ ਕਿ ਦੱਸ ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਅਣਪਛਾਤੇ ਵਿਅਕਤੀਆਂ ਨੇ ਮੰਡੀ ਵਿਚ ਸਥਿਤ ਫੜਾਂ੍ਹ ‘ਤੇ ਕਬਜ਼ਾ ਕਰ ਕੇ ਜਾਅਲੀ ਫਰਮਾਂ ਦੇ ਬੋਰਡ ਲਗਾ ਦਿੱਤੇ ਸਨ। ਇਸ ਮੌਕੇ ਵਪਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਮੰਡੀ ਵਿਚ ਕੰਮ ਕਰ ਰਿਹਾ ਹੈ ਤੇ ਉਹ ਮਾਰਕੀਟ ਫ਼ੀਸ ਵੀ ਭਰ ਰਿਹਾ ਹੈ।
Share the post "ਸਰਕਾਰ ਬਦਲਦੇ ਹੀ ਮੰਡੀਕਰਨ ਬੋਰਡ ਦੀ ਵੱਡੀ ਕਾਰਵਾਈ, ਫਰੂਟ ਮੰਡੀ ਚੋਂ ਨਾਜਾਇਜ਼ ਸ਼ੈੱਡ ਉਤਾਰੇ"