
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਬੀਤੀ ਰਾਤ ਸਥਾਨਕ ਸਰਹਿੰਦ ਨਹਿਰ ਵਿਚ ਇੱਕ ਟਰੈਕਟਰ ਟਰਾਲੀ ਡਿੱਗਣ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਵਰਕਰ ਮੌਕੇ ’ਤੇ ਪੁੱਜੇ, ਜਿੰਨ੍ਹਾਂ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਸੂਚਨਾ ਅਨੁਸਾਰ ਇਹ ਦੁਰਘਟਨਾ ਬੀਤੀ ਰਾਤ ਪਿੰਡ ਪੂਹਲਾ ਨੇੜੇ ਦੇਰ ਰਾਤ 1 ਵਜੇ ਕਰੀਬ ਉਸ ਵੇਲੇ ਵਾਪਰੀ ਜਦੋਂ ਟਰੈਕਟਰ ਦਾ ਮੂਹਰਲਾ ਟਾਇਰ ਪੰਕਚਰ ਹੋਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਮੌਕੇ ’ਤੇ ਪਿੰਡ ਦੇ ਲੋਕਾਂ ਅਤੇ ਬਠਿੰਡਾ ਤੋਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨਾਂ ਨੇ ਟਰੈਕਟਰ ਚਾਲਕ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਰਾਤ ਦਾ ਹਨੇਰਾ ਹੋਣ ਕਾਰਨ ਉਹ ਸਫਲ ਨਹੀਂ ਹੋ ਸਕੇ। ਸਵੇਰ ਹੁੰਦਿਆਂ ਹੀ ਵੱਡੇ ਹੈਡਰਾ ਮਸ਼ੀਨਾਂ ਨਾਲ ਉਕਤ ਟਰੈਕਟਰ ਟਰਾਲੀ ਨੂੰ ਬਾਹਰ ਕੱਢਿਆ ਤਾਂ ਚਾਲਕ ਮਿ੍ਰਤਕ ਪਾਇਆ ਗਿਆ। ਮਿ੍ਰਤਕ ਦੀ ਸ਼ਨਾਖਤ ਹਰਪਾਲ ਸਿੰਘ 23 ਪੁੱਤਰ ਕੁਲਵੰਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋਈ ਹੈ। ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਟਰੈਕਟਰ ਚਾਲਕ ਰਾਮਪੁਰਾ ਤੋਂ ਝੋਨੇ ਟਰਾਲੀ ਉਤਾਰ ਕੇ ਵਾਪਸ ਪਰਤ ਰਿਹਾ ਸੀ ।




