10 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 9 ਜਨਵਰੀ: ਸਰਹੰਦ ਫੀਡਰ ਨਹਿਰ ਪੱਕੀ ਕਰਨ ਦੇ ਮਸਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਦੂਜੀਆਂ ਧਿਰਾਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ਅੱਜ ਇਸ ਸਬੰਧ ਵਿੱਚ ਮੋਰਚੇ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ, ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦਾਰਾ ਸਿੰਘ ਨੈਬ ਸਿੰਘ ਆਦਿ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ ਨੇ ਪੰਜਾਬ ਸਰਕਾਰ ‘ ਤੇ ਦੋਸ਼ ਲਾਉਦੇ ਹੋਏ ਕਿਹਾ ਆਪਣੇ ਸੂਬੇ ਦੇ ਪੈਸਿਆਂ ਨਾਲ ਨਹਿਰਾਂ ਪੱਕੀਆਂ ਕਰਕੇ ਦੂਜੇ ਸੂਬਿਆਂ ਨੂੰ ਪਾਣੀ ਦੇ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਸਰਹੰਦ ਨਹਿਰ ਨੂੰ ਪੱਕੀ ਕਰਨ ਦੇ ਨਾਲ ਲੋਕਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਣਾ ਹੈ ਅਤੇ ਮਾਲਵਾ ਨਾਲ ਸਬੰਧਤ ਲੋਕਾਂ ਨੂੰ ਸਾਫ ਪਾਣੀ ਵੀ ਨਹੀਂ ਮਿਲੇਗਾ ਕਿਉਂਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ । ਆਗੂਆਂ ਨੇ ਮੰਗ ਕੀਤੀ ਕਿ ਪਿੰਡਾਂ ਨੂੰ ਪਾਣੀ ਪਹੁੰਚਾਉਣ ਲਈ ਸਰਕਾਰ ਕੱਸੀਆਂ ਸੂਏ ਦੀ ਸਫਾਈ ਕਰੇ ਅਤੇ ਨਵੇਂ ਸਿਰੇ ਤੋਂ ਨਹਿਰੀ ਖਾਲ ਬਣਾਏ ਜਾਣ। ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਹਿਰ ਪੱਕੀ ਕਰ ਤੋਂ ਨਾ ਰੋਕੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਹਨੀ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਬਠਿੰਡਾ ਵਿੱਚ ਨਹਿਰ ਪੱਕੀ ਹੋ ਚੁੱਕੀ ਹੈ ਇਸ ਨੂੰ ਲੈ ਕੇ 12 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਬਠਿੰਡਾ ਦੀ ਜਰੂਰੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿੱਚ ਸੱਦੀ ਹੈ ਜਿਸ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਣਾ ਹੈ।
Share the post "ਸਰਹਿੰਦ ਨਹਿਰ ਪੱਕੀ ਕਰਨ ਦੇ ਵਿਰੁੱਧ ਮੈਦਾਨ ਵਿੱਚ ਨਿੱਤਰਿਆ ਸੰਯੁਕਤ ਕਿਸਾਨ ਮੋਰਚਾ"