ਮੰਤਰੀ ਦੇ ਹੁਕਮਾਂ ਤੋਂ ਬਾਅਦ ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸਧਾਰਕਾਂ ’ਤੇ ਕੱਸਿਆ ਸ਼ਿਕੰਜਾ
ਹੁਣ ਤੱਕ ਦੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਆਬਕਾਰੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 06 ਜੂਨ: ਸੂਬੇ ’ਚ ਕੁੱਝ ਥਾਵਾਂ ‘ਤੇ ਸਰਾਬ ਦੇ ਠੇਕੇਦਾਰਾਂ ਵਲੋਂ ਨਜਾਇਜ਼ ਸਰਾਬ ਰੋਕਣ ਦੇ ਨਾਂ ’ਤੇ ਚਲਾਈ ਜਾ ਰਹੀ ਮੁਹਿੰਮ ਦੌਰਾਨ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹੁਣ ਅਜਿਹਾ ਕਰਨ ਉਪਰ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਨਵੀਆਂ ਹਿਦਾਇਤਾਂ ਮੁਤਾਬਕ ਹੁਣ ਕੋਈ ਵੀ ਠੇਕੇਦਾਰ ਜਾਂ ਉਸਦੇ ਕਰਿੰਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਬਿਨ੍ਹਾਂ ਮੌਜੂਦਗੀ ਤੋਂ ਕਿਸੇ ਮੈਰਿਜ਼ ਪੈਲੇਸ, ਘਰ ਜਾਂ ਰਾਸਤੇ ਵਿਚ ਨਾਕੇਬੰਦੀ ਕਰਕੇ ਚੈਕਿੰਗ ਨਹੀਂ ਕਰਨਗੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਵਿਭਾਗ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਇਹ ਵੀ ਪਤਾ ਚੱਲਿਆ ਹੈ ਕਿ ਕਈ ਥਾਂ ਬਿਨ੍ਹਾਂ ਲਿਖਤੀ-ਪੜਤੀ ਹੁਕਮਾਂ ਦੇ ਥਾਣਿਆਂ ਅਤੇ ਵਿੰਗਾਂ ਦੇ ਪੁਲਿਸ ਮੁਲਾਜਮ ਵੀ ਠੇਕੇਦਾਰਾਂ ਦੇ ਨਾਲ ਚਲੇ ਜਾਂਦੇ ਹਨ, ਜਿੰਨ੍ਹਾਂ ਨੂੰ ਵੀ ਬਖਸਿਆਂ ਨਹੀਂ ਜਾਵੇਗਾ। ਇਸ ਸਬੰਧ ਵਿਚ ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜਰ ਸੂਬੇ ਦੇ ਵਿਤ ਮੰਤਰੀ, ਜਿੰਨ੍ਹਾਂ ਕੋਲ ਐਕਸਾਈਜ਼ ਵਿਭਾਗ ਵੀ ਹੈ, ਦੇ ਹੁਕਮਾਂ ’ਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵਲੋਂ ਅੱਜ ਆਬਕਾਰੀ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਦੇ ਨਾਂ ’ਤੇ ਗੁੰਡਾਗਰਦੀ ਕਰਨ ਵਾਲੇ ਆਬਕਾਰੀ ਪ੍ਰਚੂਨ ਲਾਇਸੰਸਧਾਰਕਾਂ ਦੁਆਲੇ ਸ਼ਿਕੰਜਾ ਕੱਸਣ ਲਈ ਮੀਟਿੰਗ ਕੀਤੀ। ਇਸ ਵੀਡੀਓ ਕਾਨਫਰੰਸ (ਵੀ.ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਸ਼ਰਾਬ ਠੇਕੇਦਾਰਾਂ ਦੁਆਰਾ ਚੈਕਿੰਗ ਦੇ ਇਸ ਗੈਰ-ਕਾਨੂੰਨੀ ਅਭਿਆਸ ਨੂੰ ਖਤਮ ਕਰਨ ਲਈ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਵਿੱਤ ਕਮਿਸ਼ਨਰ ਟੈਕਸੇਸ਼ਨ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਬਕਾਰੀ ਵਿਭਾਗ ਨੂੰ ਇਨ੍ਹਾਂ ਅਨਸਰਾਂ ’ਤੇ ਇਸ ਤਰ੍ਹਾਂ ਨਕੇਲ ਕੱਸਣ ਲਈ ਕਿਹਾ ਗਿਆ ਹੈ ਤਾਂ ਜੋ ਇਨ੍ਹਾਂ ਕੁਝ ਸ਼ਰਾਰਤੀ ਅਨਸਰਾਂ ਦੇ ਹੱਥੋਂ ਆਮ ਜਨਤਾ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਵੀਡੀਓ ਕਾਨਫ਼ਰੰਸ (ਵੀ.ਸੀ.) ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਕੁਝ ਆਬਕਾਰੀ ਪ੍ਰਚੂਨ ਲਾਇਸੰਸਧਾਰਕਾਂ ਵੱਲੋਂ ਚੈਕਿੰਗ ਦੀ ਇਸ ਗੈਰ-ਕਾਨੂੰਨੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿੱਤ ਕਮਿਸ਼ਨਰ ਕਰ ਸ੍ਰੀ ਵਿਕਾਸ ਪ੍ਰਤਾਪ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਵਿਭਾਗੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ ਤਾਂ ਜੋ ਅਜਿਹੇ ਅਨਸਰਾਂ ਹੱਥੋਂ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਪੂਰੀ ਤਰ੍ਹਾ ਖਤਮ ਕੀਤਾ ਜਾ ਸਕੇ। ਇਸ ਮੀਟਿੰਗ ਦੌਰਾਨ ਆਬਕਾਰੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕੁਝ ਲਾਇਸੰਸਧਾਰਕਾਂ ਦੇ ਅਜਿਹੇ ਗੈਰ-ਕਾਨੂੰਨੀ, ਭੱਦੇ ਅਤੇ ਹਮਲਾਵਰ ਵਤੀਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਦੇਸ਼ ਦਿੱਤੇ ਕਿ ਕਿਸੇ ਵੀ ਹਾਲਤ ਵਿੱਚ ਆਬਕਾਰੀ ਲਾਇਸੰਸਧਾਰਕਾਂ ਨੂੰ ਆਬਕਾਰੀ ਅਮਲੇ ਦੀ ਗੈਰ-ਹਾਜ਼ਰੀ ਵਿੱਚ ਚੈਕਿੰਗ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਬੰਧਤ ਆਬਕਾਰੀ ਅਧਿਕਾਰੀਆਂ ਜਾਂ ਆਬਕਾਰੀ ਇੰਸਪੈਕਟਰਾਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਲੋੜ ਹੋਵੇ ਵਾਹਨਾਂ ਅਤੇ ਮੈਰਿਜ ਪੈਲੇਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਸ ਮੰਤਵ ਲਈ ਉਨ੍ਹਾਂ ਆਬਕਾਰੀ ਇੰਸਪੈਕਟਰਾਂ ਨੂੰ ਜ਼ਿਲ੍ਹਾ ਪੱਧਰੀ ਰੋਸਟਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਆਬਕਾਰੀ ਲਾਇਸੰਸਧਾਰਕਾਂ ਵੱਲੋਂ ਕਿਸੇ ਵੀ ਨਿੱਜੀ ਵਾਹਨ ’ਤੇ ਆਬਕਾਰੀ ਸਬੰਧੀ ਕੋਈ ਸਟਿੱਕਰ ਜਾਂ ਬੈਨਰ ਨਹੀਂ ਲਗਾਇਆ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਵਾਹਨ ਸੜਕ ’ਤੇ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਦਭਾਵਨਾ ਵਾਲਾ ਸਮਾਜਿਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਵੀ ਆਬਕਾਰੀ ਲਾਇਸੰਸਧਾਰਕ ਦੀਆਂ ਅਜਿਹੀਆਂ ਸਮਾਜਿਕ ਤੌਰ ’ਤੇ ਅਸਵੀਕਾਰਨਯੋਗ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਦਰਭ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਗਈ ਕੁਤਾਹੀ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
Share the post "ਸਰਾਬ ਠੇਕੇਦਾਰ ਹੁਣ ਬਿਨ੍ਹਾਂ ਐਕਸਾਈਜ਼ ਵਿਭਾਗ ਦੇ ਕਿਤੇ ਵੀ ਨਹੀਂ ਕਰ ਸਕਣਗੇ ਚੈਕਿੰਗ"