ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ-ਮਾਲਾ ਭੇਂਟ ਕਰਕੇ ਦਿੱਤੀ ਸ਼ਰਧਾਂਜ਼ਲੀ
ਡਿਪਟੀ ਕਮਿਸ਼ਨਰ ਨੇ ਅਮਨ ਸ਼ਾਂਤੀ ਦੇ ਪ੍ਰਤੀਕ ਦੋ ਚਿੱਟੇ ਕਬੂਤਰ ਤੇ ਰੰਗ-ਬਿਰੰਗੇ ਛੱਡੇ ਗੁਬਾਰੇ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ : ਸਹਾਰਾ ਜਨ ਸੇਵਾ ਰਜਿ: ਬਠਿੰਡਾ ਵਲੋਂ ਕਰਵਾਏ ਸ਼ਹੀਦ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਆਰੀਆ ਸਮਾਜ ਚੌਂਕ ਵਿਖੇ ਸਥਾਪਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ-ਮਾਲਾ ਭੇਂਟ ਕਰਕੇ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਸਭ ਤੋਂ ਮਹੱਤਵਪੂਰਨ ਦਿਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾਂ ਹੀ ਅਸੀਂ ਅੱਜ ਇੱਕ ਆਜ਼ਾਦ ਦੇਸ਼ ਚ ਸਾਹ ਲੈ ਰਹੇ ਹਾਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਇਹ ਸੁਫ਼ਨਾ ਸੀ ਕਿ ਆਜ਼ਾਦ ਹਿੰਦੁਸਤਾਨ ਵਿਚ ਇਕ ਅਜਿਹਾ ਲੁੱਟ ਰਹਿਤ, ਨਿਆਂ ਪਸੰਦ ਤੇ ਬਰਾਬਰੀ ’ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ, ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਅਤੇ ਦੇਸ਼ ਵਿੱਚ ਅਮਨ-ਸ਼ਾਂਤੀ ਬਰਕਰਾਰ ਰਹੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਸੂਰਮਿਆਂ ਦੀ ਸੋਚ ਸੀ ਕਿ ਸਭ ਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਹੋਵੇ, ਹਰੇਕ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋਣ, ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ-ਪਾਤ, ਲਿੰਗ ਸਮੇਤ ਹੋਰ ਕਿਸੇ ਵੀ ਪੱਧਰ ਉੱਤੇ ਕੋਈ ਵਿਤਕਰਾ ਨਾ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਮਨ ਸ਼ਾਂਤੀ ਦੇ ਪ੍ਰਤੀਕ ਦੋ ਚਿੱਟੇ ਕਬੂਤਰ ਅਤੇ ਰੰਗ-ਬਿਰੰਗੇ ਗੁਬਾਰੇ ਵੀ ਛੱਡੇ। ਇਸ ਮੌਕੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੇਅਰਮੈਨ ਪੰਜਾਬ ਟਰੇਡਰਜ਼ ਕਮਿਸ਼ਨ ਅਨਿੱਲ ਠਾਕੁਰ ਤੇ ਪ੍ਰਧਾਨ ਸਹਾਰਾ ਜਨਸੇਵਾ ਵਿਜੇ ਗੋਇਲ ਤੋਂ ਇਲਾਵਾ ਹੋਰ ਸਖ਼ਸੀਅਤਾਂ ਆਦਿ ਹਾਜ਼ਰ ਸਨ।
Share the post "ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਦਕਾਂ ਹੀ ਅਸੀਂ ਇੱਕ ਆਜ਼ਾਦ ਦੇਸ਼ ਚ ਸਾਹ ਲੈ ਰਹੇ ਹਾਂ : ਸ਼ੌਕਤ ਅਹਿਮਦ ਪਰੇ"