ਦੂਰਬੀਨ ਰਾਹੀਂ ਵੀ ਨਹੀਂ ਦਿਸੇ ਅੱਛੇ ਦਿਨ
ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਸਰਕਾਰਾਂ ਵਿਰੁਧ ਅਨੌਖੇ ਪ੍ਰਦਰਸ਼ਨ ਕਰਨ ਵਾਲੇ ਸਾਬਕਾ ਕੋਂਸਲਰ ਵਿਜੇ ਕੁਮਾਰ ਨੇ ਇੱਕ ਵਾਰ ਮੁੜ ਮੋਦੀ ਸਰਕਾਰ ਨੂੰ ਬੇਨਕਾਬ ਕਰਦਿਆਂ ਅੱਛੇ ਦਿਨਾਂ ਦੇ ਕੀਤੇ ਵਾਅਦੇ ਦਾ ਮਜ਼ਾਕ ਉਡਾਇਆ। ਸਥਾਨਕ ਪਰਸਰਾਮ ਨਗਰ ਚੌਕ ਵਿਚ ਅਪਣੇ ਸਾਥੀਆਂ ਨਾਲ ਪੁੱਜੇ ਵਿਜੇ ਕੁਮਾਰ ਨੇ ਜੇਸੀਬੀ ’ਤੇ ਚੜ੍ਹ ਕੇ ਦੂਰਬੀਨ ਰਾਹੀਂ ਅੱਛੇ ਦਿਨਾਂ ਦੀ ਭਾਲ ਕੀਤੀ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨੇ 2014 ਦੀਆਂ ਚੋਣਾਂ ਸਮੇਂ ਦੇਸ ਵਿਚ ‘ਅੱਛੇ ਦਿਨ’ ਲਿਆਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਇਸਦੇ ਉਲਟ ਹੁਣ ਮਹਿੰਗਾਈ ਅਮਰਵੇਲ ਵਾਂਗ ਦਿਨੋ-ਦਿਨ ਵਧ ਰਹੀ ਹੈ। ਸਾਬਕਾ ਕੌਂਸਲਰ ਨੇ ਕਿਸਾਨ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪ੍ਰੰਤੂ ਮੋਦੀ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਇਸੇ ਤਰ੍ਹਾਂ ਹਰ ਰੋਜ਼ ਐਲਪੀਜੀ, ਪੈਟਰੋਲ, ਡੀਜ਼ਲ ਦੇ ਰੇਟ ਵਧਦੇ ਜਾ ਰਹੇ ਹਨ ਤੇ ਆਮ ਲੋਕ ਮਹਿੰਗਾਈ ਦੀ ਮਾਰ ਕਾਰਨ ਵੱਡੀ ਪ੍ਰੇਸ਼ਾਨੀ ਵਿਚ ਹਨ ਪ੍ਰੰਤੂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਨ੍ਹਾਂ ਇਸ ਮੌਕੇ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲੈਂਦਿਆਂ ਦੋਸ਼ ਲਗਾਇਆ ਕਿ ਲੋਕਾਂ ਦੀ ਭਲਾਈ ਦੀ ਬਜ਼ਾਏ ਸੂਬੇ ਦੀ ਕਾਂਗਰਸ ਪਾਰਟੀ ਦੇ ਆਗੂ ਕੁਰਸੀ ਲਈ ਲੜ ਰਹੇ ਹਨ।
ਸਾਬਕਾ ਕੋਂਸਲਰ ਮੋਦੀ ਦੇ ਅੱਛੇ ਦਿਨਾਂ ਦੀ ਭਾਲ ’ਚ ਜੇਸੀਬੀ ’ਤੇ ਚੜਿਆ
8 Views