ਵਿਜੀਲੈਂਸ ਵਲੋਂ ਦਿੱਤੇ ਪ੍ਰੋਫ਼ਰਾਮੇ ਨੂੰ ਪੂੁਰਾ ਕਰਕੇ ਸੋਪਿਆਂ
ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ : ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸ਼ੁੱਕਵਰਵਾਰ ਨੂੰ ਮੁੜ ਚੌਥੀ ਵਾਰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ। ਕਰੀਬ ਕਈ ਘੰਟੇ ਚੱਲੀ ਪੁਛਗਿਛ ਦੌਰਾਨ ਉਨ੍ਹਾਂ ਵਿਜੀਲੈਂਸ ਵਲੋਂ ਅਪਣੀ ਆਮਦਨ ਤੇ ਖ਼ਰਚ ਦਾ ਦਿੱਤਾ ਪ੍ਰੋਫ਼ਰਾਮਾ ਸੌਪਿਆ। ਸੂਤਰਾਂ ਅਨੁਸਾਰ ਵਿਜੀਲੈਂਸ ਵਲੋਂ ਹੁਣ ਸਾਬਕਾ ਮੰਤਰੀ ਨੂੰ ਉਨ੍ਹਾਂ ਦੇ ਕੋਲ ਮੌਜੂਦ ਮਸ਼ੀਨਰੀ ਬਾਰੇ ਜਾਣਕਾਰੀ ਮੰਗੀ ਹੈ ਤੇ ਨਾਲ ਹੀ ਸ: ਕਾਂਗੜ੍ਹ ਵਲੋਂ ਦਿੱਤੇ ਪ੍ਰੋਫ਼ਾਰਮੇ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾਣੀ ਹੈ। ਉਧਰ ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਸਾਉਣ ਲਈ ਸਿਆਸੀ ਰੰਜਿਸ਼ ਦੇ ਆਧਾਰ ’ਤੇ ਝੂਠੀਆਂ ਸਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਪੁੱਜੀਆਂ ਗੁੰਮਨਾਮ ਚਿੱਠੀਆਂ ਵਿਚ ਉਸਦੀ ਥਾਂ-ਥਾਂ ਜਾਇਦਾਦ ਦੱਸੀ ਗਈ ਹੈ, ਜਿਸਦੇ ਚੱਲਦੇ ਜੇਕਰ ਅਜਿਹੀ ਕੋਈ ਜਾਇਦਾਦ ਹੈ ਤਾਂ ਪਹਿਲਾਂ ਉਨ੍ਹਾਂ ਦੇ ਨਾਂ ਜਰੂਰ ਕਰਵਾਈ ਜਾਵੇ। ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਵਿਰੁਧ ਵਿਜੀਲੈਂਸ ਵਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਜਾਂਚ ਵਿੱਢੀ ਹੋਈ ਹੈ। ਉਨ੍ਹਾਂ ਨੂੰ ਸਭ ਤੋਂ ਪਹਿਲਾਂ 20 ਮਾਰਚ ਨੂੰ ਬੁਲਾਇਆ ਸੀ। ਇਸਤੋਂ ਬਾਅਦ ਮੁੜ ਉਹ 29 ਮਾਰਚ ਅਤੇ 6 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ। ਇਸਤੋਂ ਬਾਅਦ ਮੁੜ 28 ਮਈ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਸਾਬਕਾ ਮੰਤਰੀ ਨੇ ਅਪਣੇ ਗੋਡਿਆਂ ਦੇ ਅਪਰੇਸ਼ਨ ਦਾ ਸਰਟੀਫਿਕੇਟ ਭੇਜ ਦਿੱਤਾ ਸੀ। ਉਂਜ ਉਨ੍ਹਾਂ ਦੇ ਖਿਲਾਫ਼ ਵਿਜੀਲੈਂਸ ਬਿਉਰੋ ਦੀਆਂ ਹਿਦਾਇਤਾਂ ‘ਤੇ ਐਲ.ਓ.ਸੀ ਵੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸਦੇ ਚੱਲਦੇ ਲੰਘੀ 11 ਜੂਨ ਦੀ ਰਾਤ ਨੂੰ ਉਨ੍ਹਾਂ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਫ਼ਲਾਇਟ ਚੜ੍ਹਣ ਸਮੇਂ ਏਅਰਪੋਰਟ ਅਥਾਰਟੀ ਨੇ ਰੋਕ ਦਿੱਤਾ ਸੀ। ਸੂਚਨਾ ਮੁਤਾਬਕ ਉਹ ਅਪਣੇ ਭਾਣਜੇ ਦੇ ਵਿਆਹ ਉਪਰ ਐਡਮੈਂਟਨ ਜਾ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਫ਼ਿਲਹਾਲ ਵਿਜੀਲੈਂਸ ਵਲੋਂ ਕਾਂਗੜ ਦੁਆਰਾ ਸੌਪੇ ਪ੍ਰੋਫ਼ਾਰਮੇ ਦੀ ਜਾਂਚ ਕੀਤੀ ਜਾਵੇਗੀ ਤੇ ਜੇਕਰ ਤੱਥਾਂ ਵਿਚ ਅੰਤਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਦਾ ਅਮਲ ਵਿੱਢ ਦਿੱਤਾ ਜਾਵੇਗਾ।
Share the post "ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਚੌਥੀ ਦਫ਼ਾ ਵਿਜੀਲੈਂਸ ਸਾਹਮਣੇ ਹੋਏ ਪੇਸ਼"