WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਲੁਧਿਆਣਾ

ਸਾਬਕਾ ਮੰਤਰੀ ਆਸ਼ੂ ਦਾ ਭਗੌੜਾ ਪੀ.ਏ. ਇੰਦਰਜੀਤ ਇੰਦੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਭਗੌੜੇ ਹੋਣ ਦੀ ਅਦਾਲਤੀ ਕਾਰਵਾਈ ਕਾਰਨ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ
ਆਸ਼ੂ ਦੇ ਘਰੋਂ ਮਿਲਿਆ ਗਹਿਣਿਆਂ ਤੇ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਇੰਦੀ ਹੋਇਆ ਸੀ ਫਰਾਰ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 2 ਜਨਵਰੀ: ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਭਗੌੜੇ ਮੁਲਜ਼ਮ ਇੰਦਰਜੀਤ ਸਿੰਘ ਇੰਦੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਲੁਧਿਆਣਾ ਸਥਿਤ ਬਿਊਰੋ ਦੇ ਦਫ਼ਤਰ ਵਿਖੇ ਆਤਮ-ਸਮਰਪਣ ਕੀਤਾ।ਇਹ ਮੁਲਜ਼ਮ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪ੍ਰਾਈਵੇਟ ਤੌਰ ‘ਤੇ ਨਿੱਜੀ ਸਹਾਇਕ (ਪੀ.ਏ.) ਵਜੋਂ ਕੰਮ ਕਰਦਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਚਲਾਈ ਗਈ ਕਾਨੂੰਨੀ ਕਾਰਵਾਈ ਕਾਰਨ ਉਸ ਨੂੰ ਖਦਸ਼ਾ ਸੀ ਕਿ ਅਦਾਲਤ ਉਸ ਨੂੰ ਇਸ ਘੁਟਾਲੇ ਵਿੱਚ ਭਗੌੜਾ (ਪੀ.ਓ.) ਘੋਸ਼ਿਤ ਕਰ ਸਕਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਕੇਸ ਦੀ ਅਗਲੀ ਸੁਣਵਾਈ 04-01-2023 ਨੂੰ ਨਿਰਧਾਰਤ ਕੀਤੀ ਗਈ ਸੀ। ਉਸ ਨੂੰ ਭਲਕੇ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਪਹਿਲਾਂ ਹੀ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕਾਂ/ਭਾਈਵਾਲਾਂ ਦੇ ਨਾਲ-ਨਾਲ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰ ਅਲਾਟ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16-08-2022 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਤੇਲੂ ਰਾਮ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਦੇ ਨਿੱਜੀ ਪੀ.ਏ. ਪੰਕਜ ਕੁਮਾਰ ਉਰਫ਼ ਮੀਨੂੰ ਮਲਹੋਤਰਾ, ਕ੍ਰਿਸ਼ਨ ਲਾਲ ਧੋਤੀਵਾਲਾ ਅਤੇ ਅਨਿਲ ਜੈਨ (ਦੋਵੇਂ ਆੜ੍ਹਤੀਏ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਸਮੇਂ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਲੁਧਿਆਣਾ ਦੀ ਸਮਰੱਥ ਅਦਾਲਤ ਵਿੱਚ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ ਅਤੇ ਕ੍ਰਿਸ਼ਨ ਲਾਲ ਵਿਰੁੱਧ ਸਪਲੀਮੈਂਟਰੀ ਚਲਾਣ ਪੇਸ਼ ਕੀਤਾ ਜਾ ਚੁੱਕਾ ਹੈ।ਵੇਰਵੇ ਦਿੰਦਿਆਂ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਗਹਿਨ ਪੜਤਾਲ ਅਤੇ ਸਬੂਤਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਭਾਰਤ ਭੂਸ਼ਣ ਆਸ਼ੂ ਕੋਲ ਪੀ.ਏ. ਵਜੋਂ ਕੰਮ ਕਰ ਰਿਹਾ ਸੀ ਅਤੇ ਵਿਜੀਲੈਂਸ ਬਿਊਰੋ ਨੂੰ 24-08-2022 ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਉਪਰੰਤ, ਦੋਸ਼ੀ ਇੰਦਰਜੀਤ ਇੰਦੀ ਨੂੰ ਕਿਸੇ ਅਣਪਛਾਤੇ ਵਿਅਕਤੀ ਤੋਂ ਗਹਿਣੇ, ਦਸਤਾਵੇਜ਼ ਆਦਿ ਵਾਲਾ ਬੈਗ ਮਿਲਿਆ ਸੀ ਜੋ ਉਹ ਆਸ਼ੂ ਦੇ ਘਰੋਂ 22-08-2022 ਨੂੰ ਲੈ ਕੇ ਆਇਆ ਸੀ। ਇਸ ਬੈਗ ਨੂੰ ਹਾਸਲ ਕਰਕੇ ਇੰਦੀ ਇਸ ਨੂੰ ਅਣਪਛਾਤੇ ਟਿਕਾਣੇ ‘ਤੇ ਛੁਪਾਉਣ ਲਈ ਫਰਾਰ ਹੋ ਗਿਆ। ਪੜਤਾਲ ਉਪਰੰਤ ਪਤਾ ਲੱਗਾ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਉਪਰੰਤ ਇੰਦਰਜੀਤ ਇੰਦੀ ਨੂੰ 26-08-2022 ਨੂੰ ਉਕਤ ਮੁਕੱਦਮੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related posts

ਸਚਿਨ ਪਾਇਲਟ ਨੇ ਲੁਧਿਆਣਾ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਦੇ ਸਮਰਥਨ ਵਿੱਚ ਚੋਣ ਰੈਲੀ ਕੀਤੀ

punjabusernewssite

ਰਵਨੀਤ ਬਿੱਟੂ ਸਮੇਤ ਸਾਬਕਾ ਮੰਤਰੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

punjabusernewssite

ਬਿੱਟੂ ਹਰ ਵਾਰ ਦੀ ਤਰ੍ਹਾਂ ਗੱਦਾਰ ਸਾਬਤ ਹੋਏ: ਵੜਿੰਗ

punjabusernewssite