ਸੁਖਜਿੰਦਰ ਮਾਨ
ਮੁਹਾਲੀ, 27 ਮਈ: ਤਿੰਨ ਦਿਨ ਪਹਿਲਾਂ ਭਿ੍ਰਸਟਾਚਾਰ ਦੇ ਕਥਿਤ ਦੋਸ਼ਾਂ ਹੇਠ ਕਾਬੂ ਕੀਤੇ ਗਏ ਪੰਜਾਬ ਕੈਬਨਿਟ ਦੇ ਬਰਖ਼ਾਸਤ ਮੰਤਰੀ ਵਿਜੇ ਸਿੰਗਲੇ ਅਤੇ ਉਸਦੇ ਭਾਣਜੇ ਨੂੰ ਅੱਜ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਭੇਜਣ ਦੇ ਹੁਕਮ ਦਿੱਤੇ। ਜਿਸਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਰੋਪੜ ਦੀ ਜੇਲ੍ਹ ਭੇਜ ਦਿੱਤਾ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਲਈ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪ੍ਰੰਤੂ ਅਦਾਲਤ ਨੇ ਇਸਤਂੋ ਇੰਨਕਾਰ ਕਰ ਦਿੱਤਾ। ਇਸ ਮਾਮਲੇ ਦੀ ਅਗਲੇ ਸੁਣਵਾਈ ਹੁਣ 10 ਜੂਨ ਨੂੰ ਹੋਣੀ ਹੈ। ਉਧਰ ਡਾ ਸਿੰਗਲਾ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਪੁੱਜੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ‘‘ ਵਿਜੇ ਸਿੰਗਲਾ ਪੂਰੀ ਤਰ੍ਹਾਂ ਨਿਰਦੋਸ਼ ਹਨ ਤੇ ਉਸਨੇ ਕੋਈ ਭਿ੍ਰਸਟਾਚਾਰ ਨਹੀਂ ਕੀਤਾ। ’’ ਜਦੋਂਕਿ ਖ਼ੁਦ ਡਾ ਸਿੰਗਲਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਨੂੰ ਸਾਜਸ ਕਰਾਰ ਦਿੰਦਿਆਂ ਕਿਹਾ ਕਿ ਕੁੱਝ ਲੋਕ ਮਾਨ ਸਰਕਾਰ ਤੇ ਆਪ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਜਿਕਰਯੋਗ ਹੈ ਕਿ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਉਪਰ ਸਿਹਤ ਵਿਭਾਗ ਦੇ ਕੰਮਾਂ ’ਚ ਉਚ ਅਧਿਕਾਰੀਆਂ ਕੋਲੋ ਕਮਿਸ਼ਨ ਮੰਗਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਦੀ ਜਾਂਚ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਵਾਈ ਗਈ ਸੀ, ਜਿਸਤੋਂ ਬਾਅਦ ਨਾ ਸਿਰਫ਼ ਉਨ੍ਹਾਂ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਦਿੱਤਾ ਗਿਆ, ਬਲਕਿ ਐਸ.ਈ ਰਜਿੰਦਰ ਸਿੰਘ ਦੀ ਸਿਕਾਇਤ ਉਪਰ ਡਾ ਸਿੰਗਲਾ ਤੇ ਉਨ੍ਹਾਂ ਦੇ ਭਾਣਜੇ ਪ੍ਰਦੀਪ ਕੁਮਾਰ ਵਿਰੁਧ ਕੇਸ ਦਰਜ਼ ਕਰਕੇ ਦੋਨਾਂ ਨੂੰ ਮੁਹਾਲੀ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ।