ਸੁਖਜਿੰਦਰ ਮਾਨ
ਚੰਡੀਗੜ, 08 ਅਪ੍ਰੈਲ : ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੁਝ ਸਿਆਸੀ ਆਗੂਆਂ ਵੱਲੋਂ ਇਕ ਟੀਵੀ ਇੰਟਰਵਿਓ ਨੂੰ ਆਧਾਰ ਬਣਾ ਕੇ ਉਨਾਂ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਤੇ ਪ੍ਰਤੀਕ੍ਰਮ ਦਿੰਦੇ ਹੋਏ ਕਿਹਾ ਕਿ ਹਾਲਾਤ ਦਾ ਸਹੀ ਜਾਇਜਾ ਲਏ ਬਿਨਾਂ ਮੇੇਰੇ ਤੇ ਨਿਰਆਧਾਰ ਦੋਸ਼ ਲਗਾਉਣਾ ਸਰਾਸਰ ਗਲਤ ਹੈ | ਇਸ ਮੁੱਦੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਗੁਰੇਜ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਬਿਆਨਬਾਜੀ ਕਰਨ ਤੋਂ ਪਹਿਲਾਂ ਸਿਆਸੀ ਆਗੂਆਂ ਨੂੰ ਪੂਰੀ ਇੰਟਰਵਿਓ ਸੁਣ ਕੇ ਉਸਦੀ ਤਹਿ ਤੱਕ ਜਾਣਾ ਚਾਹੀਦਾ ਹੈ | ਤਦ ਉਨ੍ਹਾਂ ਸਾਹਮਣੇ ਇਹ ਸੱਚਾਈ ਪ੍ਰਗਟ ਹੋ ਜਾਵੇਗੀ ਕਿ ਮੈਂ ਕਿਸੇ ਜਾਤ ਜਾਂ ਵਿਅਕਤੀ ਦੇ ਵਿਰੁੱਧ ਕੋਈ ਟਿਪੱਣੀ ਨਹੀਂ ਕੀਤੀ | ਕਿਸੇ ਟੀਵੀ ਪੱਤਰਕਾਰ ਦੀ ਨਿੱਜੀ ਟਿਪੱਣੀ ਜਾਂ ਸਮੀਖਿਆ ਨੂੰ ਆਧਾਰ ਬਣਾ ਕੇ ਮੈਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਸਰਾਸਰ ਮੰਦਭਾਗੀ ਹੈ |
ਸ਼੍ਰੀ ਜਾਖੜ ਨੇ ਕਿਹਾ ਕਿ ਮੇਰਾ ਸਿਆਸੀ ਜੀਵਨ ਦਲਿਤ ਅਤੇ ਕਮਜ਼ੋਰ ਵਰਗਾਂ ਦੇ ਅਧਿਕਾਰਾਂ ਦੀ ਰਾਖੀ ਲਈ ਚਲਾਏ ਗਏ ਅਭਿਆਨਾਂ ਨਾਲ ਭਰਿਆ ਪਿਆ ਹੈ | ਇਨਾਂ ਵਰਗਾਂ ਤੇ ਜ਼ੁਲਮ ਢਾਹੁਣ ਦੀ ਜਦ ਵੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਉਨ੍ਹਾਂ ਨੂੰ ਨਿਆਂ ਦਿਲਾਉਣ ਲਈ ਦਿਨ ਰਾਤ ਸੰਘਰਸ਼ ਕੀਤਾ ਅਤੇ ਉਸਦੇ ਜੋ ਨਤੀਜੇ ਨਿਕਲੇ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ | ਕਿਸੇ ਵੀ ਵਰਗ ਜਾਂ ਜਾਤੀ ਪ੍ਰਤੀ ਦੁਰਭਾਵਨਾ ਰਖਣ ਜਾਂ ਟਿਪੱਣੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ | ਸਿਰਫ ਸਿਆਸੀ ਰੋਟੀਆਂ ਸੇਕਣ ਲਈ ਮੇਰੇ ਤੇ ਨਿਰ ਆਧਾਰ ਦੋਸ਼ਾਂ ਦੀ ਬੁਛਾਰ ਅਤੇ ਵਿਰੋਧ ਪ੍ਰਦਰਸ਼ਨ ਕਰਨ ਨਾਲ ਸੱਚਾਈ ਤੇ ਪਰਦਾ ਨਹੀਂ ਪਾਇਆ ਜਾ ਸਕਦਾ |
ਸਿਆਸੀ ਆਗੂ ਕੂੜ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ : ਸੁਨੀਲ ਜਾਖੜ
14 Views