ਸਿਵਲ ਸਰਜਨ ਬਠਿੰਡਾ ਵਲੋਂ ਮਾਪਿਆਂ ਨੂੰ ਬੱਚਿਆਂ ਦਾ ਟੀਕਾਕਰਨ ਕਰਾਉਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ 13 ਫਰਵਰੀ ਤੋਂ 17 ਫਰਵਰੀ ਤੱਕ ਸੰਪੂਰਨ ਟੀਕਾਕਰਨ ਮੁਹਿੰੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਅੱਜ ਡਾ ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਵੱਲੋਂ ਆਂਗਣਵਾੜੀ ਸੈਂਟਰ ਫੇਸ 2 ਵਿਖੇ ਚੱਲ ਰਹੇ ਟੀਕਾਕਰਣ ਦੀ ਸੁਪਰਵਿਜ਼ਨ ਕੀਤੀ। ਇਸ ਮੁਹਿੰਮ ਤਹਿਤ ਦੂਜੇ ਦਿਨ 632 ਬੱਚਿਆਂ ਅਤੇ 73 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਉੱਚ ਜ਼ੋਖਿਮ ਵਾਲੇ ਖੇਤਰਾਂ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ ਬਣਾਉਣ ਵਾਲੀਆਂ ਥਾਵਾਂ, ਸ਼ਹਿਰੀ ਖੇਤਰਾਂ ਵਿਚ ਖਾਸ ਕਰ ਝੁੱਗੀਆਂ ਝੌਂਪੜੀਆਂ, ਅਨਾਥ ਆਸ਼ਰਮ, ਜੇਲ੍ਹਾਂ, ਦਰਿਆਈ ਖੇਤਰ, ਅਧੂਰਾ ਟੀਕਾਕਰਣ ਵਾਲੀਆਂ ਥਾਵਾਂ, ਖੇਤੀਬਾੜੀ ਲਈ ਪ੍ਰਵਾਸ ਖੇਤਰ ਜਾਂ ਅਜਿਹੀਆਂ ਥਾਵਾਂ ਜੋ ਸਬ ਸੈਂਟਰਾਂ ਤੋਂ ਦੂਰ ਪਹੁੰਚ ਵਾਲੀਆਂ ਹਨ ਅਤੇ ਜਿਥੇ ਵੈਕਸੀਨ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਉਹਨਾਂ ਥਾਵਾਂ ਤੇ ਟੀਕਾਕਰਣ ਕਰਨਾ ਹੈੇ। ਇਸ ਟੀਚੇ ਤਹਿਤ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਤੋਂ ਵਾਂਝੇ ਅਤੇ ਟੀਕਾਕਰਨ ਤੋਂ ਰਹਿਤ ਜਾਂ ਅੰਸ਼ਿਕ ਤੌਰ ਉਤੇ ਟੀਕਾਕਰਨ ਵਾਲੀਆਂ ਗਰਭਵਤੀ ਔਰਤ ਲਾਭਪਾਤਰੀਆਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸੌ ਫੀਸਦੀ ਯਕੀਨੀ ਬਣਾਉਣ ਲਈ ਅਗਾਊਂ ਵਿਉਂਤਬੰਦੀ ਜਿਵੇਂ ਅਧੂਰਾ ਟੀਕਾਕਰਨ ਵਾਲੇ ਬੱਚਿਆਂ ਦੀ ਸ਼ਨਾਖਤ ਕਰਨ ਉਪਰੰਤ ਸੂਚੀ ਤਿਆਰ ਕਰਵਾ ਕੇ ਸੰਪੂਰਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਖੇਤਰਾਂ ਵਿਚ ਟੀਕਕਾਰਨ ਘੱਟ ਹੈ ਉਨ੍ਹਾਂ ਦੀ ਵਿਸ਼ੇਸ਼ ਸ਼ਨਾਖਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਅੰਦਰ ਲੋਕਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਇਨ੍ਹਾਂ ਬੱਚਿਆਂ ਨੂੰ ਇਸ ਮੁਹਿੰਮ ਦੌਰਾਨ ਟੀਕਾਕਰਨ ਕਰਵਾਇਆ ਜਾ ਸਕੇ ਤਾਂ ਜੋ ਬੱਚਿਆਂ ਨੂੰ ਜਾਨਲੇਵਾ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ। ਇਸ ਸਮੇਂ ਡਾ ਮੁਨੀਸ਼ ਗੁਪਤਾ, ਕੁਲਵੰਤ ਸਿੰਘ, ਨਰਿੰਦਰ ਕੁਮਾਰ, ਮਲਕੀਤ ਕੌਰ, ਹਰਜਿੰਦਰ ਕੌਰ, ਬਲਦੇਵ ਸਿੰਘ ਅਤੇ ਪ੍ਰਨੀਤ ਕੌਰ ਹਾਜ਼ਰ ਸਨ।
Share the post "ਸਿਵਲ ਸਰਜਨ ਨੇ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਆਂਗਣਵਾੜੀ ਸੈਂਟਰ ਫੇਸ 2 ਦਾ ਕੀਤਾ ਦੌਰਾ"