ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਬੀਤੀ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਇੱਕ ਮਰੀਜ਼ ਦੇ ਨਾਲ ਆਏ ਨੌਜਵਾਨ ਨੇ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਵਲੰਟੀਅਰ ਦੱਸਦੇ ਹੋਏ ਐਮਰਜੈਂਸੀ ਡਿਊਟੀ ’ਤੇ ਤੈਨਾਤ ਡਾਕਟਰ ਉਪਰ ਰੋਹਬ ਝਾੜਣਾ ਸ਼ੁਰੂ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਹੋਰ ਵੀ ਵਧ ਗਿਆ ਜਦ ਡਾਕਟਰਾਂ ਵਲੋਂ ਸਥਾਨਕ ਸ਼ਹਿਰ ਦੇ ਸੀਨੀਅਰ ਆਪ ਆਗੂਆਂ ਨੂੰ ਮੌਕੇ ’ਤੇ ਸੱਦ ਲਿਆ ਪ੍ਰੰਤੂ ਉਕਤ ਨੌਜਵਾਨ ਨੇ ਇੰਨ੍ਹਾਂ ਆਗੂਆਂ ਨੂੰ ਵੀ ਬੁਰਾ ਭਲਾ ਕਿਹਾ। ਜਿਸਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਟੀਮ ਨੇ ਇਸ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਉਕਤ ਨੌਜਵਾਨ, ਜਿਸਦੀ ਪਹਿਚਾਣ ਸਤਨਾਮ ਸਿੰਘ ਵਾਸੀ ਪਿੰਡ ਮਾਨਵਾਲਾ ਦੇ ਤੌਰ ’ਤੇ ਹੋਈ ਹੈ, ਵਿਰੁਧ ਡਾ ਸਾਹਿਲ ਗੁਪਤਾ ਦੀ ਸਿਕਾਇਤ ’ਤੇ ਧਾਰਾ 353, 186, 506 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਜ਼ਿਲ੍ਹਾ ਮੈਡੀਕਲ ਸਰਜਿਸ ਯੂਨੀਅਨ ਦੇ ਪ੍ਰਧਾਨ ਡਾ ਗੁਰਮੇਲ ਸਿੰਘ ਨੇ ਇਸ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਪੰਜਾਬ ਦੇ ਸਮੂਹ ਮੁਲਾਜਮ ਨੂੰ ਸੂਬੇ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ ਤੇ ਉਹ ਉਨ੍ਹਾਂ ਨਾਲ ਮੋਢਾ ਜੋੜ ਕੇ ਕੰਮ ਵੀ ਕਰ ਰਹੇ ਹਨ ਪ੍ਰੰਤੂ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ। ਡਾਕਟਰਾਂ ਨੇ ਦਸਿਆ ਕਿ ਉਕਤ ਨੌਵਜਾਨ ਅਪਣੇ ਨਾਲ ਇਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਲੈ ਕੇ ਸਿਵਲ ਹਸਤਪਾਲ ਆਇਆ ਸੀ ਇਸ ਦੌਰਾਨ ਇਲਾਜ ਨੂੰ ਲੈ ਕੇ ਉਸਨੇ ਡਾਕਟਰ ’ਤੇ ਰੋਹਬ ਮਾਰਨਾ ਸ਼ੁਰੂ ਕਰ ਦਿੱਤਾ। ਉਧਰ ਮੌਕੇ ’ਤੇ ਪੁੱਜੇ ਆਪ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਵਲੋਂ ਸਪੱਸ਼ਟ ਹਿਦਾਇਤਾਂ ਹਨ ਕਿ ਮੁਲਾਜਮਾਂ ਨੂੰ ਨਿਮਰਤਾ ਨਾਲ ਲੈ ਕੇ ਚੱਲਿਆ ਜਾਵੇ, ਜਿਸਦੇ ਚੱਲਦੇ ਉਕਤ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਸਨੇ ਉਨ੍ਹਾਂ ਨੂੰ ਵੀ ਬੁਰਾ ਭਲਾ ਕਿਹਾ।
ਸਿਵਲ ਹਸਪਤਾਲ ਦੇ ਡਾਕਟਰ ਨੂੰ ਧਮਕਾਉਣ ਵਾਲੇ ਆਪ ਵਲੰਟੀਅਰ ’ਤੇ ਪਰਚਾ ਦਰਜ਼
13 Views