ਵਿਸ਼ਵ ਸਾਈਕਲ ਤੇ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਨੂੰ ਵੰਡੇ ਸਾਈਕਲ
ਸੁਖਜਿੰਦਰ ਮਾਨ
ਬਠਿੰਡਾ, 4 ਜੂਨ : ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਹਰ-ਰੋਜ਼ ਸਾਇਕਲਿੰਗ ਤੇ ਸੈਰ ਕਰਨੀ ਚਾਹੀਦੀ ਹੈ। ਸਾਈਕਲ ਦੀ ਵਰਤੋਂ ਕਰਨ ਨਾਲ ਜਿੱਥੇ ਸਾਡਾ ਵਾਤਾਵਰਣ ਸਾਫ਼-ਸੁਥਰਾ ਰਹਿੰਦਾ ਹੈ ਉੱਥੇ ਹੀ ਰੋਜ਼ਾਨਾ ਸੈਂਕੜੇ ਲੀਟਰ ਪੈਟਰੋਲ ਦੀ ਖਪਤ ਵੀ ਘੱਟ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਜੌਗਰ ਪਾਰਕ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸਾਈਕਲ ਵੰਡਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਬਠਿੰਡਾ ਸਾਈਕਲ ਗਰੁੱਪ ਦੇ ਪ੍ਰਧਾਨ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਾਈਕਲ ਬਠਿੰਡਾ ਸਾਈਕਲ ਗਰੁੱਪ ਵਲੋਂ ਸਥਾਨਕ ਸਰਕਾਰੀ ਕੰਨਿਆ ਸਕੂਲ (ਮਾਲ ਰੋਡ) ਤੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ 8ਵੀਂ ਤੇ 9ਵੀਂ ਜਮਾਤ ਦੇ ਲੋੜਵੰਦ ਤੇ ਹੋਣਹਾਰ 10 ਬੱਚਿਆਂ ਨੂੰ ਸਾਈਕਲ ਦਿੱਤੇ ਗਏ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਦੇ ਮਿਹਨਤੀ ਅਤੇ ਲੋੜਵੰਦ ਬੱਚਿਆਂ ਨੂੰ 60 ਸਾਈਕਲ ਬਠਿੰਡਾ ਸਾਈਕਲ ਗਰੁੱਪ ਵਲੋਂ ਦਿੱਤੇ ਜਾ ਚੁੱਕੇ ਹਨ।
ਇਸ ਦੌਰਾਨ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ 3 ਜੂਨ 2022 ਨੂੰ ਵਿਸ਼ਵ ਭਰ ਚ ਮਨਾਏ ਵਿਸ਼ਵ ਸਾਈਕਲ ਦਿਵਸ ਤੇ 5 ਜੂਨ ਨੂੰ ਮਨਾਏ ਜਾਣ ਵਾਲੇ ਵਾਤਾਵਰਣ ਵਿਸ਼ਵ ਦੇ ਮੱਦੇਨਜ਼ਰ ਸਾਈਕਲਿੰਗ ਦੀ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਲੋਕ ਆਪਣੇ ਘਰਾਂ ਵਿੱਚ ਹੀ ਰਹੇ ਅਤੇ ਉਨ੍ਹਾਂ ਦੀ ਸਿਹਤ ਵੀ ਪ੍ਰਭਾਵਿਤ ਹੋਈ। ਉਨ੍ਹਾਂ ਨੌਜਵਾਨ ਵਰਗ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਾਈਕਲਿੰਗ ਕਰਨ ਦੇ ਨਾਲ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਉੱਥੇ ਹੀ ਉਹ ਸਿਹਤਮੰਦ ਤੇ ਤੰਦਰੁਸਤ ਮਹਿਸੂਸ ਕਰਨਗੇ।ਇਸ ਮੌਕੇ ਐਸਡੀਐਮ ਬਠਿੰਡਾ ਮੈਡਮ ਇਨਾਯਤ, ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨੀਲ ਗਰਗ ਤੋਂ ਇਲਾਵਾ ਸਾਈਕਲ ਬਠਿੰਡਾ ਸਾਈਕਲ ਗਰੁੱਪ ਨੁਮਇੰਦੇ ਤੇ ਸਾਈਕਲ ਪ੍ਰੇਮੀ ਆਦਿ ਹਾਜ਼ਰ ਸਨ।
Share the post "ਸਿਹਤਮੰਦ ਰਹਿਣ ਲਈ ਹਰ-ਰੋਜ਼ ਸਾਇਕਲਿੰਗ ਤੇ ਸੈਰ ਕਰਨੀ ਜ਼ਰੂਰੀ : ਕੁਲਤਾਰ ਸਿੰਘ ਸੰਧਵਾਂ"