ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਕਤੂਬਰ : ਕਾਂਗਰਸ ਪਾਰਟੀ ਛੱਡ ਕੇ ਸਾਲ 2017 ਵਿਚ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਦਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅਸਤੀਫ਼ਾ ਪ੍ਰਵਾਨ ਹੋਣ ਦੀ ਪੁਸ਼ਟੀ ਕਰਦਿਆਂ ਹੋਇਆ ਖ਼ੁਦ ਸ: ਖ਼ਹਿਰਾ ਨੇ ਦਸਿਆ ਕਿ ‘‘ ਬੇਸ਼ੱਕ ਉਨ੍ਹਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਸਾਲ ਦੀ 3 ਜੂਨ ਨੂੰ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਮਾਣਯੋਗ ਸਪੀਕਰ ਸਾਹਿਬ ਵਲੋਂ ਫ਼ਾਰਮੇਟ ਵਿਚ ਅਸਤੀਫ਼ਾ ਦੇਣ ਲਈ ਕਹਿਣ ਤੋਂ ਬਾਅਦ ਅੱਜ ਊਨ੍ਹਾਂ ਨਿੱਜੀ ਤੌਰ ’ਤੇ ਪੇਸ਼ ਹੋ ਕੇ ਅਪਣਾ ਅਸਤੀਫ਼ਾ ਸੋਂਪ ਦਿੱਤਾ ਸੀ, ਜਿਸਨੂੰ ਪ੍ਰਵਾਨ ਕਰ ਲਿਆ ਗਿਆ ਹੈ। ’’ ਗੌਰਤਲਬ ਹੈ ਕਿ ਆਪ ਤੋਂ ਬਾਗੀ ਹੋਣ ਤੋਂ ਬਾਅਦ ਸੁਖਪਾਲ ਸਿੰਘ ਖ਼ਹਿਰਾ ਨੇ ਕਈ ਵਿਧਾਇਕਾਂ ਨੂੰ ਅਪਣੇ ਨਾਲ ਮਿਲਾ ਕੇ ਇੱਕ ਵੱਡਾ ਗਰੁੱਪ ਬਣਾ ਲਿਆ ਸੀ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕੇ ਤੋਂ ਚੋਣ ਵੀ ਲੜੀ ਸੀ ਪ੍ਰੰਤੂ ਸਫ਼ਲਤਾ ਨਹੀਂ ਮਿਲੀ ਸੀ। ਆਪ ਵਿਚ ਦੁਬਾਰਾ ਗੱਲ ਨਾ ਬਣਨ ਤੋਂ ਬਾਅਦ ਉਨ੍ਹਾਂ ਅਪਣੇ ਸਾਥੀ ਵਿਧਾਇਕਾਂ ਪਿਰਮਿਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਨਾਲ ਮਿਲਕੇ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਲਈ ਸੀ। ਇਥੇ ਜਿਕਰ ਕਰਨਾ ਬਣਦਾ ਹੈ ਕਿ ਸਾਬਕਾ ਵਿਧਾਇਕ ਐਚ.ਐਸ. ਫ਼ੂਲਕਾ ਵਲੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸ: ਖ਼ਹਿਰਾ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਵੀ ਬਣਾਇਆ ਸੀ ਪ੍ਰੰਤੂ ਅਚਾਨਕ ਇੱਕ ਟਵੀਟ ਕਰਕੇ ਇਸ ਅਹੁੱਦੇ ਤੋਂ ਉਤਾਰ ਦਿੱਤਾ ਸੀ, ਜਿਸਤੋਂ ਬਾਅਦ ਪਾਰਟੀ ’ਚ ਵਿਧਾਇਕ ਦਲ ਦੇ ਦੋ ਧੜੇ ਬਣ ਗਏ ਸਨ।
ਸੁਖਪਾਲ ਸਿੰਘ ਖ਼ਹਿਰਾ ਦਾ ਅਸਤੀਫ਼ਾ ਹੋਇਆ ਪ੍ਰਵਾਨ
13 Views