ਸੁਖਜਿੰਦਰ ਮਾਨ
ਬਠਿੰਡਾ, 3 ਜਨਵਰੀ: ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਨੇ ਅੱਜ ਵੱਖ-ਵੱਖ ਵਿਭਾਗਾਂ ਨੂੰ ਨਵੇਂ ਸਾਲ ਦੀ ਆਮਦ ’ਤੇ ਵਧਾਈ ਦਿੰਦੇ ਹੋਏ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ। ਬੈਠਕ ਦੌਰਾਨ ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈਜ਼ ਨਾਲ ਖਪਤਕਾਰ ਮਾਮਲੇ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਤੇ ਫਰਵਰੀ ਦੇ ਮਹੀਨੇ ਵਿੱਚ ਸਾਰਾ ਕਣਕ ਦਾ ਸਟਾਕ ਐਫ.ਸੀ.ਆਈ. ਵਿਭਾਗ ਨੂੰ ਚਲਾ ਜਾਵੇਗਾ। ਇਸ ਤੋਂ ਇਲਾਵਾ ਸਮੁੱਚੇ ਡਿਪੂਆਂ ਵਿਖੇ ਰਾਸ਼ਨ ਕਾਰਡਾਂ ਦੀ ਵੈਰੀਫਿਕਸ਼ਨ ਦਾ ਕੰਮ ਚੱਲ ਰਿਹਾ ਹੈ, ਇਸ ਤੋਂ ਬਾਅਦ ਹੀ ਨਵੇਂ ਕਾਰਡ ਬਣਾਏ ਜਾਣਗੇ। ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਡਿਪੂਆਂ ਨੂੰ ਵੀ ਸਮੇਂ-ਸਮੇਂ ਤੇ ਚੈੱਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਸ਼ਨ ਲੈਣ ਸਮੇਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਚੇਅਰਮੈਨ ਅਗਰਵਾਲ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਮਾਰਕਫੈਡ ਦੇ ਪ੍ਰੋਡਕਟ ਵੱਧ ਤੋਂ ਵੱਧ ਲੋਕਾਂ ਵਿੱਚ ਪਹੁੰਚਾਏ ਜਾਣ। ਇਸ ਦੌਰਾਨ ਕਾਰਜਸਾਧਕ ਅਫਸਰ, ਨਗਰ ਸੁਧਾਰ ਟਰੱਸਟ ਨੇ ਦੱਸਿਆ ਕਿ ਉਨ੍ਹਾਂ ਕੋਲ ਪਈਆਂ ਪ੍ਰਾਪਰਟੀਆ ਦੇ ਰੇਟ ਫਿਕਸ ਹੋ ਗਏ ਹਨ, ਜੋ ਕਿ ਜਲਦੀ ਲੋਕਾਂ ਵਿੱਚ ਨਿਲਾਮ ਕੀਤੇ ਜਾਣਗੇ। ਇਸ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਨਥਾਣਾ ਅਤੇ ਭਗਤਾ ਭਾਈਕਾ ਦੇ ਚਾਰ ਖਰੀਦ ਕੇਂਦਰਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਕੱਚੇ ਖਰੀਦ ਕੇਂਦਰ ਵੀ ਪੱਕੇ ਕੀਤੇ ਜਾ ਰਹੇ ਹਨ।ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਕਾਰਜਸਾਧਕ ਅਫਸਰ ਹਰਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈਜ਼ ਤੇ ਖਪਤਕਾਰ ਮਾਮਲੇ ਸਰਤਾਜ ਸਿੰਘ ਚੀਮਾ, ਡੀ.ਐਮ.ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਗਗਨਦੀਪ ਮਿੱਤਲ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾਪਾਲ, ਸਹਾਇਕ ਖੋਜ ਅਫ਼ਸਰ ਸ਼੍ਰੀ ਰਣਜੀਤ ਸਿੰਘ, ਇਨਵੈਸ਼ਟੀਗੇਟਰ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।
Share the post "ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਚੇਅਰਮੈਨ ਨੇ ਕੀਤੀ ਸਮੀਖਿਆ"