ਵਧੀ ਹੋਈ ਲਈ ਗਈ ਫ਼ੀਸ ਅਗਲੇ ਤਿੰਨ ਮਹੀਨਿਆਂ ਚ ਕਰਨੀ ਹੋਵੇਗੀ ਅਡਜਸਟ
ਯੂ.ਕੇ.ਜੀ. ਕਲਾਸ ਦੀ ਵਧਾਈ ਗਈ ਫ਼ੀਸ ਘਟਾਉਣ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਸਥਾਨਕ ਸੇਂਟ ਜੇਵੀਅਰ ਸਕੂਲ ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਵਾਲੀ ਖਬਰ ਇਹ ਹੈ ਕਿ ਹੁਣ ਉਨ੍ਹਾਂ ਨੂੰ ਸਕੂਲ ਵੱਲੋਂ ਵਧਾਈ ਗਈ ਫ਼ੀਸ ਨਹੀਂ ਦੇਣੀ ਪਵੇਗੀ ਅਤੇ ਸਕੂਲ ਵੱਲੋਂ ਪਹਿਲਾਂ ਵਧੀ ਹੋਈ ਵਸੂਲ ਕੀਤੀ ਗਈ ਫ਼ੀਸ ਵੀ ਅਗਲੇ ਤਿੰਨ ਮਹੀਨਿਆਂ ਦੀ ਫ਼ੀਸ ਵਿੱਚ ਅਡਜਸਟ ਕਰਨੀ ਹੋਵੇਗੀ। ਇਹ ਫ਼ੈਸਲਾ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਦੁਆਰਾ ਬੱਚਿਆਂ ਦੇ ਮਾਪਿਆਂ ਉਤੇ ਪੈ ਰਹੇ ਵਾਧੂ ਵਿੱਤੀ ਬੋਝ ਨੁੰ ਘਟਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਉਪਰੋਕਤ ਸਕੂਲ ਵਿੱਚ ਪੜ ਰਹੇ ਬੱਚਿਆਂ ਦੀ ਮਾਪਿਆਂ ਦੀ ਸ਼ਿਕਾਇਤ ਸੀ ਕਿ ਸ਼ੈਸ਼ਨ 2021-22 ਦੌਰਾਨ ਐਲ.ਕੇ.ਜੀ. ਦੇ ਬੱਚੇ ਜੋ ਸ਼ੈਸ਼ਨ 2022-23 ਦੌਰਾਨ ਯੂ.ਕੇ.ਜੀ. ਕਲਾਸ ਵਿੱਚ ਹੋ ਗਏ ਸਨ ਦੀ ਫ਼ੀਸ ਵਿੱਚ ਸਕੂਲ ਵੱਲੋਂ ਵਾਧਾ ਕੀਤਾ ਗਿਆ ਸੀ। ਮਾਪਿਆਂ ਦੀ ਸ਼ਿਕਾਇਤ ਸੀ ਕਿ ਵਧੀ ਹੋਈ ਫ਼ੀਸ ਉਨ੍ਹਾਂ ਲਈ ਭਾਰੀ ਵਿੱਤੀ ਬੋਝ ਹੈ ਅਤੇ ਇਹ ਫ਼ੀਸ ਭਰਨ ਲਈ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀ ਨੇ ਫ਼ੈਸਲਾ ਲੈਂਦਿਆਂ ਬੱਚਿਆਂ ਦੇ ਮਾਪਿਆਂ ਤੇ ਵਧੀ ਹੋਈ ਫ਼ੀਸ ਕਾਰਨ ਪਏ ਵਾਧੂ ਵਿੱਤੀ ਬੋਝ ਨੂੰ ਘਟਾਉਣ ਲਈ ਸਕੂਲ ਨੂੰ ਯੂ.ਕੇ.ਜੀ. ਦੇ ਵਿਦਿਆਰਥੀਆਂ ਕੋਲੋਂ ਫੀਸ 4200 ਰੁਪਏ ਪ੍ਰਤੀ ਮਹੀਨਾ ਤੋਂ ਘਟਾ ਕੇ 3500 ਰੁਪਏ ਪ੍ਰਤੀ ਮਹੀਨਾ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਕੂਲ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਜਿੰਨ੍ਹਾਂ ਬੱਚਿਆਂ ਦੇ ਮਾਪੇ ਵਧੀ ਹੋਈ ਫ਼ੀਸ ਨੂੰ ਜਮ੍ਹਾਂ ਕਰਵਾ ਚੁੱਕੇ ਹਨ, ਉਸ ਫ਼ੀਸ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਐਡਜਸਟ ਕੀਤਾ ਜਾਵੇ।
ਸੇਂਟ ਜੇਵੀਅਰ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਵਾਲੀ ਖਬਰ
17 Views