ਸੁਖਜਿੰਦਰ ਮਾਨ
ਬਠਿੰਡਾ, 2 ਮਈ : ਪੰਜਾਬ ਦੀਆਂ 16 ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ‘ ਦੇ ਫੈਸਲੇ ਨੂੰ ਲਾਗੂ ਕਰਦਿਆਂ ਅੱਜ ਬੀਕੇਯੂ ਏਕਤਾ ਡਕੌਂਦਾ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਕੁੰਨਾਂ ਨੇ ਬਲਦੇਵ ਸਿੰਘ ਭਾਈ ਰੂਪਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਅਮਰਜੀਤ ਸਿੰਘ ਹਨੀ ਅਤੇ ਬਲਕਰਨ ਸਿੰਘ ਬਰਾੜ ਦੀ ਅਗਵਾਈ ਵਿੱਚ ਰੋਸ ਵਿਖਾਵਾ ਕਰ ਕੇ ਐਸ ਡੀ ਓ (ਨਹਿਰੀ) ਸ਼੍ਰੀ ਮਨਦੀਪ ਸਿੰਘ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ।ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਦੀਆਂ ਫਸਲਾਂ ਦੀ ਨਹਿਰੀ ਪਾਣੀ ਰਾਹੀਂ ਸਿੰਚਾਈ ਯਕੀਨੀ ਬਣਾਉਣ ਲਈ ਪੰਜਾਬ ਦਾ ਤਹਿਸ-ਨਹਿਸ ਹੋ ਚੁੱਕਿਆ ਨਹਿਰੀ ਸਿਸਟਮ ਬਹਾਲ ਕੀਤਾ ਜਾਵੇ ਅਤੇ ਨਹਿਰਾਂ ਆਦਿ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਜਾਵੇ ਤਾਂਕਿ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਖਤਮ ਕੀਤੀ ਜਾ ਸਕੇ।ਇਸ ਮੌਕੇ ਬਿੰਦਰ ਸਿੰਘ ਕੋਟਲੀ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਬਖਸ਼ੀਸ਼ ਸਿੰਘ ਖਾਲਸਾ, ਗੁਲਜ਼ਾਰ ਸਿੰਘ ਬਦਿਆਲਾ, ਅਜੈਬ ਸਿੰਘ ਹਰਰੰਗਪੁਰਾ, ਬੂਟਾ ਸਿੰਘ ਤੁੰਗਵਾਲੀ ਅਤੇ ਭਰਾਤਰੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਸੂਬਾ ਵਿੱਤ ਸਕੱਤਰ ਮਹੀਪਾਲ ਵੀ ਹਾਜ਼ਰ ਸਨ।