ਪਿਛਲੇ ਕਈ ਦਿਨਾਂ ਤੋਂ ਅਜਾਦ ਉਮੀਦਵਾਰ ਵਜੋਂ ਭਖਾ ਰਿਹਾ ਸੀ ਚੋਣ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 22 ਜਨਵਰੀ: ਗੈਗਸਟਰ ਤੋਂ ਸਮਾਜ ਸੇਵਾ ਦੇ ਰਾਹੀਂ ਸਿਆਸਤ ਵਿਚ ਆਉਣ ਵਾਲੇ ਲੱਖੇ ਸਿਧਾਣੇ ਨੂੰ ਹੁਣ ਕਿਸਾਨ ਜਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਨੇ ਅਪਣਾ ਲਿਆ ਹੈ। ਪਿਛਲੇ ਕਈ ਦਿਨਾਂ ਤੋ ਬਠਿੰਡਾ ਜ਼ਿਲ੍ਹੇ ਦੇ ਮੋੜ ਵਿਧਾਨ ਸਭਾ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਮੁਹਿੰਮ ਭਖਾਉਣ ਵਾਲੇ ਲੱਖੇ ਨੂੰ ਹੁਣ ਮੋਰਚੇ ਨੇ ਅਪਣਾ ਉਮੀਦਵਾਰ ਐਲਾਨਿਆ ਹੈ। ਮੋਰਚੇ ਵਲੋ ਅੱਜ 34 ਉਮੀਦਵਾਰਾਂ ਦੀ ਜਾਰੀ ਦੂਜੀ ਲਿਸਟ ਵਿਚ ਲੱਖੇ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸਦੀ ਪਹਿਲਾਂ ਵੀ ਚਰਚਾ ਸੀ ਪ੍ਰੰਤੂ ਦਿੱਲੀ ਵਿਖੇ ਸਾਲ ਤੋਂ ਵੱਧ ਸਮੇਂ ਲਈ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂਆਂ ਤੇ ਲੱਖੇ ਸਿਧਾਣੇ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਰਹੇ ਸਨ। ਪ੍ਰੰਤੂ ਹੁਣ ਮੋਰਚੇ ਦਾ ਉਮੀਦਵਾਰ ਬਣਨ ਕਾਰਨ ਕਿਸਾਨੀ ਪ੍ਰਭਾਵ ਵਾਲੇ ਮੋੜ ਹਲਕੇ ਵਿਚ ਲੱਖਾ ਸਿਧਾਣਾ ਨੂੰ ਵੱਡਾ ਸਿਆਸੀ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਮੋੜ ਹਲਕੇ ਤੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਨੂੰ ਟਿਕਟ ਦਿੱਤੀ ਹੋਈ ਹੈ, ਉਥੇ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮਪਤਨੀ ਡਾ ਮੰਜੂ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰਾਂ ਆਮ ਆਦਮੀ ਪਾਰਟੀ ਨੇ ਸੁਖਵੀਰ ਸਿੰਘ ਮਾਈਸਰਖ਼ਾਨਾ ਨੂੰ ਟਿਕਟ ਦਿੱਤੀ ਹੈ। ਜਦੋਂਕਿ ਭਾਜਪਾ ਨੇ ਹਾਲੇ ਇੱਥੇ ਅਪਣਾ ਉਮੀਦਵਾਰ ਐਲਾਨਣਾਂ ਹੈ, ਜਿਸਤੋਂ ਬਾਅਦ ਮੁਕਾਬਲਾ ਪੰਜ ਕੌਣਾ ਬਣਨ ਦੀ ਸੰਭਾਵਨਾ ਹੈ। ਜਿਕਰਯੋਗ ਹੈਕਿ ਲੱਖਾ ਸਿਧਾਣਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਪਣੇ ਜੱਦੀ ਹਲਕੇ ਰਾਮਪੁਰਾ ਫ਼ੂਲ ਤੋਂ ਪੀਪਲਜ਼ ਪਾਰਟੀ ਦੇ ਉਮੀਦਵਾਰ ਤੌਰ ’ਤੇ ਕਿਸਮਤ ਅਜਮਾ ਚੁੱਕਿਆ ਹੈ। ਹੁਣ ਉਸਦੇ ਅਚਾਨਕ ਅਪਣਾ ਜੱਦੀ ਹਲਕਾ ਛੱਡ ਮੋੜ ’ਤੇ ਆਉਣ ਪਿੱਛੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।
ਸੰਯੁਕਤ ਸਮਾਜ ਮੋਰਚੇ ਨੇ ਮੋੜ ਤੋਂ ਬਣਾਇਆ ਲੱਖਾ ਸਿਧਾਣਾ ਨੂੰ ਉਮੀਦਵਾਰ
8 Views