ਫ਼ਸਲੀ ਵਿਭਿੰਨਤਾ ਮੌਜੂਦਾ ਸਮੇਂ ਦੀ ਮੁੱਖ ਲੋੜ : ਡਾ: ਦਿਲਬਾਗ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ : ਹਾੜੀ ਦੀਆਂ ਫ਼ਸਲਾਂ ਸਬੰਧੀ ਜਾਣਕਾਰੀ ਮੁਹੱਈਆ ਕਰਨ ਅਤੇ ਆਉਣ ਵਾਲੀ ਸਾਉਣੀ ਦੀ ਫ਼ਸਲ ਦੀ ਸੁਚੱਜੀ ਕਾਸ਼ਤ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਬੱਲੂਆਣਾ ਵਿਖੇ ਡਾ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ: ਦਿਲਬਾਗ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲੀ ਵਿਭਿੰਨਤਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀਬਾੜੀ ਦੇ ਧੰਦੇ ਨੂੰ ਹੋਰ ਪ੍ਰਫੁੱਲਤ ਕਰਦਿਆਂ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਾਉਣੀ ਦੇ ਸੀਜਨ ਲਈ ਮਿਆਰੀ ਬੀਜ, ਖਾਦਾਂ ਤੇ ਦਵਾਈਆਂ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਸੁਝਾਅ ਵੀ ਦਿੱਤਾ ਕਿ ਉਹ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਸਮੇਂ-ਸਮੇਂ ਖੇਤੀ ਮਾਹਰਾਂ ਦੀ ਰਾਇ ਅਨੁਸਾਰ ਹੀ ਦਵਾਈਆਂ, ਖਾਦਾਂ ਆਦਿ ਦੀ ਵਰਤੋਂ ਕਰਨ। ਇਸ ਉਪਰੰਤ ਖੇਤੀਬਾੜੀ ਵਿਕਾਸ ਅਫ਼ਸਰ ਡਾ: ਲਵਪ੍ਰੀਤ ਕੌਰ ਨੇ ਕਿਸਾਨਾਂ ਨੂੰ ਨਰਮੇਂ ਦੀਆਂ ਛਟੀਆਂ ਦਾ ਪ੍ਰਬੰਧਨ ਕਰਨ ਅਤੇ ਛਟੀਆਂ ਦੀ ਰਹਿੰਦ-ਖੂੰਹਦ ਅਤੇ ਖੇਤਾਂ ਦੀਆਂ ਵੱਟਾਂ ਆਦਿ ਤੇ ਨਦੀਨਾਂ ਨੂੰ ਨਸ਼ਟ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਫ਼ਸਲਾਂ ਨੂੰ ਕੀਟ ਪਤੰਗਿਆਂ ਤੋਂ ਬਚਾਇਆ ਜਾ ਸਕੇ। ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਸਵਿੰਦਰ ਸਿੰਘ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ, ਕਣਕ ਸਰੋਂ ਦੇ ਬੀਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਟਰੇਨਿੰਗ ਡਾ. ਹਰਦੀਪ ਸਿੰਘ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਸਮੇਂ ਦੀ ਨਿਜ਼ਾਕਤ ਦੇ ਹਿਸਾਬ ਤਕਨੀਕੀ ਜਾਣਕਾਰੀ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਸੁਝਾਅ ਸਾਂਝੇ ਕੀਤੇ। ਇਸ ਦੌਰਾਨ ਮਿੱਟੀ ਟੈਸਟਿੰਗ ਅਫ਼ਸਰ ਡਾ: ਬਲਜਿੰਦਰ ਸਿੰਘ ਦੀ ਅਗਵਾਈ ’ਚ ਡਾ: ਹਰਪ੍ਰੀਤ ਸਿੰਘ ਵੱਲੋਂ ਮਿੱਟੀ ਟੈਸਟਿੰਗ ਮੋਬਾਇਲ ਵੈਨ ਤੇ ਪਾਣੀ ਦਾ ਟੈਸਟ ਕੀਤਾ ਗਿਆ। ਇਸ ਮੌਕੇ ਅਮਨਵੀਰ ਕੌਰ ਉਪ ਨਿਰੀਖਕ, ਗੁਰਮੀਤ ਸਿੰਘ ਉਪ ਨਿਰੀਖਕ, ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਵੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਆਪਣੇ ਵਡਮੁੱਲੇ ਸੁਝਾਅ ਪੇਸ਼ ਕੀਤੇ। ਇਸ ਦੌਰਾਨ ਵਿਭਾਗ ਦੇ ਕਰਮਚਾਰੀ ਸ੍ਰੀ ਸੁਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਨਰਮੇ ਸਬੰਧੀ ਲਿਟਰੇਚਰ ਮੁਹੱਈਆ ਕਰਵਾਇਆ ਗਿਆ।ਕੈਂਪ ਦੇ ਅਖੀਰ ਵਿੱਚ ਸ੍ਰੀ ਹੀਰਾ ਲਾਲ ਖੇਤੀਬਾੜੀ ਵਿਸਥਾਰ ਅਫ਼ਸਰ ਦਿਉਣ ਨੇ ਕੈਂਪ ਵਿੱਚ ਆਏ ਕਿਸਾਨਾਂ ਆਦਿ ਦਾ ਧੰਨਵਾਦ ਕੀਤਾ।
ਹਾੜ੍ਹੀ ਦੀ ਫ਼ਸਲ ਸੰਭਾਲ ਅਤੇ ਸਾਉਣੀ ਦੀ ਸੁਚੱਜੀ ਕਾਸ਼ਤ ਲਈ ਕੈਂਪ ਆਯੋਜਿਤ
23 Views