6 Views
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਪਿਛਲੇ ਕੁੱਝ ਦਿਨਾਂ ਤੋਂ ਸਥਾਨਕ ਸਿਵਲ ਹਸਪਤਾਲ ਦੇ ਨਰਸਿੰਗ ਸਟਾਫ਼ ਵਲੋਂ ਸ਼ੁਰੂ ਕੀਤੀ ਹੜਤਾਲ ਤੇ ਧਰਨੇ ਦੇ ਵਿਚ ਹੁਣ ਮਾਨਸਾ ਰੋਡ ’ਤੇ ਸਥਿਤ ਅਡਵਾਂਸ ਕੈਂਸਰ ਇੰਸਟੀਚਿਊਟ ਦਾ ਨਰਸਿੰਗ ਸਟਾਫ਼ ਵੀ ਹੜਤਾਲ ‘ਤੇ ਚਲਾ ਗਿਆ ਹੈ। ਨਰਸਿੰਗ ਸਟਾਫ਼ ਨੇ ਪੰਜਾਬ ਨਰਸਿੰਗ ਐਸੋਸੀਏਸ਼ਨ ਦੇ ਸੱਦੇ ’ਤੇ ਇੰਸਟੀਚਿਊਟ ਦੇ ਮੁੱਖ ਦਰਵਾਜ਼ੇ ’ਤੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਉਧਰ ਹੁਣ ਸਿਹਤ ਵਿਭਾਗ ਦਾ ਜ਼ਿਲ੍ਹੇ ਵਿਚ ਸਥਿਤ ਨਰਸਿੰਗ ਸਟਾਫ਼ ਵੀ ਹੜਤਾਲ ’ਤੇ ਆ ਗਿਆ ਹੈ। ਜਿਸ ਕਾਰਨ ਮਰੀਜ਼ਾਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਉਹ ਪੇ-ਪੈਰਿਟੀ ਦੀ ਬੇਨਿਯਮੀਆਂ ਨੂੰ ਦੂਰ ਕਰਨ, ਪੇ-ਕਮਿਸ਼ਨ ਦੌਰਾਨ ਕੱਟੇ ਗਏ ਭੱਤੇ ਬਹਾਲ ਕਰਵਾਉਣ, ਨਰਸਿੰਗ ਅਫ਼ਸਰ ਦੀਆਂ ਪੋਸਟਾਂ ਬਦਲਣ ਲਈ ਸਰਕਾਰ ਵਿਰੁਧ ਸੰਘਰਸ਼ ਨੂੰ ਜਾਰੀ ਰੱਖਣਗੇ। ਇਸ ਮੌਕੇ ਅਮਨਦੀਪ ਸਿੰਘ, ਅਮਨਪਾਲ ਕੌਰ, ਰੋਜ਼ਲੀਨ ਪੀਟਰ, ਰਮਨਦੀਪ ਕੌਰ, ਪਵਨਪਾਲ ਕੌਰ, ਮਨਪ੍ਰੀਤ ਕੌਰ, ਪਰਵਿੰਦਜੀਤ ਕੌਰ ਤੇ ਕਰਮਜੀਤ ਕੌਰ ਆਦਿ ਨੇ ਸੰਬੋਧਨ ਕੀਤਾ।