ਸੁਖਜਿੰਦਰ ਮਾਨ
ਬਠਿੰਡਾ, 5 ਮਈ : ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਪੜਤਾਲ ਦੇ ਦੌਰਾਨ ਹਜ਼ਾਰਾਂ ਦੀ ਤਾਦਾਦ ’ਚ ਗਰੀਬਾਂ ਦੇ ਆਟਾ-ਦਾਲ ਕਾਰਡ ਕੱਟੇ ਜਾਣ ਦੇ ਵਿਰੋਧ ’ਚ ਅੱਜ ਸ਼ੋ੍ਮਣੀ ਅਕਾਲੀ ਤੇ ਬਸਪਾ ਦੇ ਗੱਠਜੋੜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਏ ਗਰੀਬ ਮਜਦੂਰਾਂ ਨੇ ਸਥਾਨਕ ਜ਼ਿਲ੍ਹਾ ਕੰਪਲੈਕਸ ਦੇ ਅੱਗੇ ਅੰਬੇਦਕਰ ਪਾਰਕ ਵਿਚ ਧਰਨਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੋ ਵੱਖ ਵੱਖ ਮੰਗ ਪੱਤਰ ਦੇ ਕੇ ਜਿੱਥੇ ਗਰੀਬਾਂ ਦੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਨ ਦੀ ਮੰਗ ਕੀਤੀ ਗਈ, ਉਥੇ ਦਿਨੋਂ-ਦਿਨ ਘਰੇਲੂ ਗੈਸ ਸਿਲੈਡਰ ਦੀਆਂ ਵਧ ਰਹੀਆਂ ਕੀਮਤਾਂ ਨੂੰ ਦੇਖਦਿਆਂ ਗਰੀਬ ਘਰਾਂ ਨੂੰ ਸਬਸਿਡੀ ਉਪਰ ਗੈਸ ਮੁਹੱਈਆਂ ਕਰਵਾਉਣ ਦੀ ਮੰਗ ਕੀਤੀ ਗਈ। ਦਲਿਤ ਆਗੂ ਜਗਦੀਪ ਸਿੰਘ ਗਹਿਰੀ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਵਿਚ ਸਰਕਾਰ ਤੋਂ ਸਤਾਏ ਹੋਏ ਪਰਿਵਾਰਾਂ ਨੇ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਨੇ ਦੋਸ ਲਗਾਇਆ ਕਿ ਕਈ ਪਿੰਡਾਂ ਵਿੱਚ 6 ਮਹੀਨੇ ਤੋਂ ਕਣਕ ਦਾ ਦਾਣਾ ਵੀ ਵੰਡਿਆ ਨਹੀਂ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜਗਦੀਪ ਗਹਿਰੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਗਰੀਬ ਪਰਿਵਾਰਾਂ ਨਾਲ ਝੂਠੇ ਵਾਅਦੇ ਕਰਕੇ ਅਪਣੀ ਸਰਕਾਰ ਬਣਾਈ ਹੈ ਪਰ ਹੁਣ ਗਰੀਬਾਂ ਨੂੰ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ’ਤੇ ਕੱਟ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਗਰੀਬ ਪਰਿਵਾਰਾਂ ਨੂੰ ਆਟਾ ਥੈਲੀਆ ਦੇ ਵਿੱਚ ਪਾ ਕੇ ਘਰ-ਘਰ ਵੰਡਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਇਸਦੇ ਉਲਟ ਸਰਕਾਰ ਬਣਨ ਤੋਂ ਬਾਅਦ ਗਰੀਬਾਂ ਦੇ ਆਟਾ ਦਾਲ ਵਾਲੇ ਕਾਰਡ ਵੀ ਕੱਟ ਦਿੱਤੇ ਗਏ। ਇਸਤੋਂ ਇਲਾਵਾ ਕਈ ਜਗ੍ਹਾ ਡਿਪੂਆ ਤੇ ਕਣਕ ਹੀ ਨਹੀਂ ਆਈ।ਇਸ ਮੌਕੇ ਗਰੀਬ ਪ੍ਰਵਾਰਾਂ ਨੇ ਦੱਸਿਆ ਕਿ ਗੈਸ ਸਿਲੰਡਰ ਇੰਨਾਂ ਮਹਿੰਗਾ ਹੋ ਗਿਆ ਹੈ ਕਿ ਉਹ ਇਸਨੂੰ ਭਰਾਉਣ ਤੋਂ ਵੀ ਅਸਮਰਥ ਹੋ ਗਏ ਹਨ। ਇਸ ਮੌਕੇ ਦਿੱਤੇ ਮੰਗ ਪੱਤਰ ਵਿੱਚ ਦਿਹਾੜੀ ਦੇ ਡੀ.ਸੀ. ਰੇਟ ਵਧਾਉਣ, ਮਨਰੇਗਾ ਦੀ ਦਿਹਾੜੀ ਵਧਾਉਣ ਅਤੇ 365 ਦਿਨ ਕੰਮ ਦੇਣ ਤੋਂ ਇਲਾਵਾ ਬੱਚਿਆ ਦੇ ਰੁਕੇ ਹੋਏ ਵਜੀਫੇ (ਸਕਾਲਰਸਿਪ) ਜਾਰੀ ਕਰਨ ਦੀ ਵੀ ਮੰਗ ਰੱਖੀ ਗਈ।ਗਹਿਰੀ ਨੇ ਕਿਹਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਤੇ ਨਹੀਂ ਧਿਆਨ ਦੇਵੇਗੀ ਤਾਂ ਸੰਘਰਸ ਨੂੰ ਬਦਲਮੇ ਤਰੀਕੇ ਨਾਲ ਤਿੱਖਾ ਕੀਤਾ ਜਾਵੇਗਾ।ਧਰਨੇ ਨੂੰ ਜਗਦੀਪ ਸਿੰਘ ਗਹਿਰੀ ਤੋਂ ਇਲਾਵਾ ਡਾ: ਮਨਜੀਤ ਸਿੰਘ ਗਿੱਲ, ਜਗਦੀਪ ਸਿੰਘ ਫੂਲ, ਛਿੰਦਾ ਸਿੰਘ ਐਮ.ਸੀ, ਗੌਤਮ ਮਸੀਹ, ਕਮਲਜੀਤ ਕੌਰ ਰਾਈਆ, ਮਨਜੀਤ ਕੌਰ, ਭੌਲਾ ਸਿੰਘ ਫੂਲ, ਬੰਘੇਰਾ ਸਿੰਘ, ਸਤਨਾਮ ਸਿੰਘ ਬੁਰਜ ਮਾਨਸਾਈਆ, ਭੁੱਪੀ ਸਿੰਘ ਮੈਂਬਰ, ਬੀਰਾ ਮੈਂਬਰ ਧਿੰਗੜ, ਕਾਲਾ ਸਿੰਘ ਮੈਂਬਰ ਰਾਈਆ, ਪ੍ਰਗਟ ਸਿੰਘ ਢਿਪਾਲੀ, ਗੁਰਤੇਜ ਸਿੰਘ ਅਤੇ ਸਤਨਾਮ ਸਿੰਘ ਸਪਰਾ ਨੇ ਸਬੋਧਨ ਕੀਤਾ।
Share the post "ਆਟਾ-ਦਾਲ ਕਾਰਡ ਕੱਟੇ ਜਾਣ ਦੇ ਵਿਰੋਧ ’ਚ ਗਰੀਬ ਮਜਦੂਰਾਂ ਨੇ ਬਠਿੰਡਾ ’ਚ ਦਿੱਤਾ ਧਰਨਾ"