ਆਰ ਐਮ ਪੀ ਆਈ ਦੇ ਸੱਦੇ ਹੇਠ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ

0
48
0

ਸੁਖਜਿੰਦਰ ਮਾਨ
ਬਠਿੰਡਾ ; 3 ਫਰਵਰੀ –ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ‘ਤੇ ਇਸਤਰੀਆਂ ਸਮੇਤ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਅੱਜ ਡੀਸੀ ਦਫਤਰ ਸਾਹਵੇਂ ਜ਼ੋਰਦਾਰ ਰੋਸ ਵਿਖਾਵਾ ਕਰਕੇ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਦੋ ਵੱਖੋ-ਵੱਖ ਮੰਗ ਪੱਤਰ ਭੇਜੇ।
ਭੇਜੇ ਗਏ ਮੰਗ ਪੱਤਰਾਂ ਰਾਹੀਂ ਸਮੁੱਚੀ ਵਸੋਂ ਨੂੰ ਢੁਕਵੀਆਂ ਉਜਰਤਾਂ ਸਹਿਤ ਪੱਕਾ ਰੁਜ਼ਗਾਰ ਇੱਕਸਾਰ ਤੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ, ਪੀਣ ਵਾਲਾ ਸਵੱਛ ਪਾਣੀ ਦਿੱਤੇ ਜਾਣ, ਨਿੱਜੀਕਰਨ ਦੀ ਤਬਾਹਕੁੰਨ ਨੀਤੀ ਰੱਦ ਕਰਕੇ ਸਾਰੇ ਵਿਭਾਗਾਂ ‘ਚ ਪਈਆਂ ਖਾਲੀ ਪੋਸਟਾਂ ‘ਤੇ ਪੱਕੀ ਭਰਤੀ ਕਰਨ, ਕੱਚੇ ਕਾਮੇ ਪੱਕੇ ਕਰਨ, ਜਲ ਜੰਗਲ ਜ਼ਮੀਨ ਦੀ ਦੇਸੀ ਬਦੇਸ਼ੀ ਲੋਟੂਆਂ ਤੋਂ ਰਾਖੀ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਇੱਕ ਮਤਾ ਪਾਸ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ, ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਸਰਕਾਰ ਨਾਲ ਅਸਹਿਮਤੀ ਰੱਖਦੇ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ।ਇੱਕ ਵੱਖਰੇ ਮਤੇ ਰਾਹੀਂ ਸੰਘ ਪਰਿਵਾਰ ਦੇ ਖੂੰਖਾਰ ਟੋਲਿਆਂ ਵੱਲੋਂ ਦੇਸ਼ ਭਰ ਵਿੱਚ ਘਟ ਗਿਣਤੀਆਂ, ਇਸਤਰੀਆਂ, ਅਨੁਸੂਚਿਤ ਜਾਤੀਆਂ-ਜਨ ਜਾਤੀਆਂ ‘ਤੇ ਕੀਤੇ ਜਾ ਰਹੇ ਘਾਤਕ ਹਮਲੇ ਬੰਦ ਕਰਨ ਦੀ ਮੰਗ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਨ ਲਈ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਉਚੇਚੇ ਪੁੱਜੇ। ਸਰਵ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਕੁਲਵੰਤ ਸਿੰਘ ਦਾਨ ਸਿੰਘ ਵਾਲਾ, ਦਰਸ਼ਨਾ ਜੋਸ਼ੀ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਗੁਲਜ਼ਾਰ ਸਿੰਘ, ਮੱਖਣ ਸਿੰਘ ਤਲਵੰਡੀ ਸਾਬੋ, ਗੁਲਜ਼ਾਰ ਸਿੰਘ ਬਦਿਆਲਾ, ਦਰਸ਼ਨ ਸਿੰਘ ਬਾਜਕ ਅਤੇ ਹੋਰਨਾਂ ਨੇ ਵੀ ਵਿਚਾਰ ਰੱਖੇ। ਬੁਲਾਰਿਆਂ ਨੇ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਜਿਵੇਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਦਰਿਆਈ ਪਾਣੀਆਂ ਦੀ ਆਪਸੀ ਸਹਿਮਤੀ ਰਾਹੀਂ ਨਿਆਂ ਸੰਗਤ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਨ, ਪੰਜਾਬ ਅੰਦਰ ਮਾਤ ਭਾਸ਼ਾ ਪੰਜਾਬੀ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਗੁਆਂਢੀ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੇਣ ਆਦਿ ਦੇ ਸਥਾਈ ਹੱਲ ਅਤੇ ਫੈਡਰਲ ਅਧਿਕਾਰਾਂ ਦੀ ਰਾਖੀ ਲਈ ਜਮਹੂਰੀ ਲੀਹਾਂ ਤੇ ਪੰਜਾਬੀ ਵਾਸੀਆਂ ਦਾ ਸਰਵ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।

0

LEAVE A REPLY

Please enter your comment!
Please enter your name here