593 ਪਰਿਵਾਰਾਂ ਨੇ ਲਿਆ ਲਾਹਾ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ: ਸੂਬਾ ਸਰਕਾਰ ਵਲੋਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ਅੰਦਰ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ 1 ਕਰੋੜ 24 ਲੱਖ 53 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ। ਸਕੀਮ ਤਹਿਤ 593 ਪਰਿਵਾਰ ਇਸ ਦਾ ਲਾਹਾ ਲੈ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਨੂੰ ਪਹਿਲੀ ਜੁਲਾਈ ਤੋਂ 51 ਹਜ਼ਾਰ ਰੁਪਏ ਰਾਸ਼ੀ ਕਰ ਦਿੱਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ 21 ਹਜ਼ਾਰ ਦੀ ਰਾਸ਼ੀ ਪ੍ਰਤੀ ਲਾਭਪਾਤਰੀ ਦਿੱਤੀ ਜਾਂਦੀ ਸੀ। ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਜਗਮੋਹਣ ਸਿੰਘ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ‘ਚ ਪਾਈ ਜਾਂਦੀ ਹੈ ਅਤੇ ਇਸ ਸਕੀਮ ਦਾ ਲਾਭ ਲੈਣ ਲਈ ਜ਼ਰੂਰੀ ਹੈ ਕਿ ਬਿਨੈਕਾਰ ਪੰਜਾਬ ਦਾ ਵਸਨੀਕ ਹੋਵੇ ਅਤੇ ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਵੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਲਾਭ ਪ੍ਰਾਪਤ ਕਰਨ ਲਈ, ਬਿਨੈਕਾਰ ਨੂੰ ਵਿਆਹ ਦੀ ਤਰੀਕ ਤੋਂ ਪਹਿਲਾਂ ਜਾਂ ਲੜਕੀ ਦੇ ਵਿਆਹ ਦੇ 30 ਦਿਨਾਂ ਬਾਅਦ ਨਿਰਧਾਰਤ ਪ੍ਰੋਫਾਰਮੇ ਵਿਚ ਬਿਨੈ-ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਰਤਾਂ ਪੂਰੀਆਂ ਕਰਦੇ ਲੋੜਵੰਦ ਪਰਿਵਾਰ ਇਸ ਸਕੀਮ ਦਾ ਲਾਭ ਲੈਣ ਲਈ ਆਪਣੀ ਅਰਜ਼ੀ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਦਫ਼ਤਰ ਅੰਬੇਡਕਰ ਭਵਨ ਬਠਿੰਡਾ ਤੋਂ ਇਲਾਵਾ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਤਲਵੰਡੀ ਅਤੇ ਰਾਮਪੁਰਾ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
Share the post "ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ‘ਚ 1 ਕਰੋੜ 24 ਲੱਖ 53 ਹਜ਼ਾਰ ਰੁਪਏ ਜਾਰੀ: ਡਿਪਟੀ ਕਮਿਸ਼ਨਰ"