ਸੁਖਜਿੰਦਰ ਮਾਨ
ਬਠਿੰਡਾ, 15 ਜਨਵਰੀ : ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਪੰਜਾਬ ਚੋਣਾਂ ਦੌਰਾਨ ਇਨਕਲਾਬੀ ਬਦਲ ਦਾ ਸੁਨੇਹਾ ਲੈਣ ਦੇਣ ਲਈ ਕਈ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਸ਼ਾਲ ਜਨਤਕ ਮੁਹਿੰਮ ਹੱਥ ਲੈਣ ਦਾ ਫੈਸਲਾ ਕੀਤਾ ਹੈ ਜਿਸ ਦੇ ਸੁਨੇਹੇ ਦਾ ਸੰਚਾਰ ਕਰਨ ਲਈ ਕਈ ਉੱਘੀਆਂ ਜਨਤਕ ਸਖਸੀਅਤਾਂ ਵੀ ਸਹਿਯੋਗ ਕਰਨਗੀਆਂ।ਇਸ ਜਨਤਕ ਮੁਹਿੰਮ ਬਾਰੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਅੱਜ ਤਰਕਸ਼ੀਲ ਭਵਨ ਬਰਨਾਲਾ ‘ਚ ਲੋਕ ਮੋਰਚਾ ਪੰਜਾਬ ਵੱਲੋਂ ਸੱਦੀ ਗਈ ਮੀਟਿੰਗ ‘ਚ ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਆਗੂ ਸ਼ਾਮਲ ਹੋਏ। ਇਸ ਤੋਂ ਇਲਾਵਾ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਖੇਤਰਾਂ ‘ਚ ਸਰਗਰਮ ਸ਼ਖਸੀਅਤਾਂ ਸ੍ਰੀ ਅਮੋਲਕ ਸਿੰਘ, ਐਨ ਕੇ ਜੀਤ , ਯਸ਼ਪਾਲ, ਗੁਰਦਿਆਲ ਭੰਗਲ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਤੇ ਕਿਸਾਨ ਆਗੂ ਹਰਦੀਪ ਸਿੰਘ ਟੱਲੇਵਾਲ ਨੇ ਵੀ ਮੁਹਿੰਮ ਦਾ ਅੰਗ ਬਣਨ ਲਈ ਮੀਟਿੰਗ ਵਿੱਚ ਹਿੱਸਾ ਲਿਆ । ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਮਹਿੰਮ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਮੀਟਿੰਗਾਂ ਰੈਲੀਆਂ ਜਨਤਕ ਇਕੱਤਰਤਾਵਾਂ ਕੀਤੀਆਂ ਜਾਣਗੀਆਂ ਤੇ ਹੱਥ ਪਰਚਿਆਂ, ਪੋਸਟਰਾਂ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਮੁਹਿੰਮ ਦੀ ਤਿਆਰੀ ਵਿੱਚ 22 ਜਨਵਰੀ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸਰਗਰਮ ਕਾਰਕੁੰਨਾਂ ਦੀ ਸੂਬਾਈ ਇਕੱਤਰਤਾ ਵੀ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਲਛਮਣ ਸਿੰਘ ਸੇਵੇਵਾਲਾ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ੀਰੀਂ, ਸਤਨਾਮ ਸਿੰਘ ਦੀਵਾਨਾ ਵੀ ਹਾਜਰ ਸਨ।
ਇਨਕਲਾਬੀ ਬਦਲ ਦਾ ਪ੍ਰਚਾਰ ਕਰਨ ਲਈ ਲੋਕ ਮੋਰਚਾ ਚਲਾਵੇਗਾ ਜਨਤਕ ਮੁਹਿੰਮ
7 Views