ਸੁਖਜਿੰਦਰ ਮਾਨ
ਮੁਹਾਲੀ, 24 ਮਈ: ਇੱਕ ਇਤਿਹਾਸਕ ਫੈਸਲੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਬਰਖ਼ਾਸਤ ਕੀਤੇ ਗਏ ਅਪਣੇ ਹੀ ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਡਾ ਵਿਜੇ ਸਿੰਗਲਾ ਵਿਰੁਧ ਕੇਸ ਦਰਜ਼ ਕਰਨ ਤੋਂ ਬਾਅਦ ਐਂਟੀ ਕਰੁੱਪਸ਼ਨ ਵਿੰਗ ਨੇ ਉਨਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਪੁਲਿਸ ਦੀ ਮੰਗ ’ਤੇ ਮੰਤਰੀ ਸਿੰਗਲਾ ਅਤੇ ਉਸਦੇ ਭਾਣਜੇ ਪ੍ਰਦੀਪ ਕੁਮਾਰ ਜੋਕਿ ਓ.ਐਸ.ਡੀ ਦੇ ਤੌਰ ’ਤੇ ਕੰਮ ਕਰਦਾ ਸੀ, ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਵਲੋਂ ਇਸਤੋਂ ਪਹਿਲਾਂ ਦੋਨਾਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਹਾਲਾਂਕਿ ਇਸ ਮੌਕੇ ਪੁਲਿਸ ਦੀ ਸਖ਼ਤੀ ਦੇ ਚੱਲਦੇ ਵਿਜੇ ਸਿੰਗਲਾ ਨਾਲ ਪੱਤਰਕਾਰਾਂ ਦੀ ਗੱਲਬਾਤ ਨਹੀਂ ਹੋ ਸਕੀ ਪ੍ਰੰਤੂ ਉਨਾਂ ਇੰਨਾਂ ਜਰੂਰ ਕਿਹਾ ਕਿ ਇਹ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਸ਼ ਹੈ। ਗੌਰਤਲਬ ਹੈ ਕਿ ਮੁਹਾਲੀ ਪੁਲਿਸ ਵਲੋਂ ਅੱਜ ਦੁਪਿਹਰ ਹੀ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਐਸ.ਈ ਰਜਿੰਦਰ ਸਿੰਘ ਦੇ ਬਿਆਨਾਂ ਉਪਰ ਮੰਤਰੀ ਵਿਜੇ ਸਿੰਗਲਾ ਤੇ ਉਨਾਂ ਦੇ ਓਐਸਡੀ ਪ੍ਰਦੀਪ ਕੁਮਾਰ ਵਿਰੁਧ ਭਿ੍ਰਸਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕਰਕੇ ਉਨਾਂ ਨੂੰ ਗਿ੍ਰਫਤਾਰ ਕਰ ਲਿਆ ਸੀ। ਦਸਣਾ ਬਣਦਾ ਹੈ ਕਿ ਕਰੀਬ 10 ਦਿਨਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਗੱਲ ਆਈ ਸੀ ਕਿ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਅਪਣੇ ਵਿਭਾਗਾਂ ’ਚ ਹੋਣ ਵਾਲੇ ਕੰਮਾਂ ਬਦਲੇ ਇੱਕ ਫ਼ੀਸਦੀ ਕਮਿਸ਼ਨ ਦੀ ਮੰਗ ਕਰ ਰਿਹਾ ਹੈ। ਜਿਸਤੋਂ ਬਾਅਦ ਖ਼ੁਦ ਮੁੱਖ ਮੰਤਰੀ ਨੇ ਅਪਣੇ ਹੀ ਮੰਤਰੀ ਦਾ ਸਟਿੰਗ ਕਰਵਾਉਂਦਿਆਂ ਉਨਾਂ ਵਿਰੁੁਧ ਸਬੂੁਤ ਇਕੱਠੇ ਕੀਤੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵਲੋਂ ਸਿਹਤ ਮੰਤਰੀ ਨੂੰ ਇੰਨਾਂ ਸਬੂਤਾਂ ਬਾਰੇ ਜਾਣਕਾਰੀ ਵੀ ਦੇ ਦਿੱਤੀ ਸੀ, ਜਿਸਦੇ ਚੱਲਦੇ ਉਨਾਂ ਵਲੋਂ ਬਖ਼ਸੇ ਜਾਣ ਦੀ ਵੀ ਅਪੀਲ ਕੀਤੀ ਗਈ ਪ੍ਰੰਤੂ ਅੱਜ ਉਨਾਂ ਵੱਡਾ ਫੈਸਲਾ ਲੈਂਦਿਆਂ ਨਾ ਸਿਰਫ਼ ਮੰਤਰੀ ਸਿੰਗਲਾ ਨੂੰ ਬਰਖ਼ਾਸਤ ਕਰਨ ਦਾ ਐਲਾਨ ਕਰ ਦਿੱਤਾ ਸੀ, ਬਲਕਿ ਉਨਾਂ ਵਿਰੁਧ ਪੁਲਿਸ ਕੇਸ ਦਰਜ਼ ਕਰਨ ਦੇ ਵੀ ਹੁਕਮ ਦਿੱਤੇ ਸਨ। ਜਿਸਤੋਂ ਬਾਅਦ ਪੁਲਿਸ ਐਕਸਨ ਵਿਚ ਆ ਗਈ ਸੀ। ਜਿਕਰਯੋਗ ਹੈ ਕਿ ਮਾਨਸਾ ਹਲਕੇ ਤੋਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਕਰੀਬ 63 ਹਜ਼ਾਰ ਵੋਟਾਂ ਨਾਲ ਹਰਾ ਕੇ ਵਿਧਾਇਕ ਬਣੇ ਡਾ ਸਿੰਗਲਾ ’ਤੇ ਆਮ ਆਦਮੀ ਪਾਰਟੀ ਨੇ ਵੱਡਾ ਵਿਸਵਾਸ ਪ੍ਰਗਟ ਕਰਦਿਆਂ ਉਨਾਂ ਨੂੰ ਕਈ ਸੀਨੀਅਰ ਵਿਧਾਇਕਾਂ ਨੂੰ ਅਣਗੋਲਿਆ ਕਰਕੇ ਸਿਹਤ ਵਿਭਾਗ ਦਿੱਤਾ ਸੀ। ਪ੍ਰੰਤੂ ਸਿਹਤ ਮੰਤਰੀ ਬਣਦਿਆਂ ਹੀ ਡਾ ਸਿੰਗਲਾ ਨੇ ਭਿ੍ਰਸਟਾਚਾਰ ਵੱਲ ਮੂੰਹ ਕਰ ਲਿਆ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਮੰਤਰੀ ਬਣੇ ਨੂੰ 66 ਦਿਨ ਹੋਣ ਦੇ ਬਾਵਜੂਦ ਸਿੰਗਲਾ ਨੂੰ ਮੰਤਰੀ ਪੂਲ ਵਿਚੋਂ ਸੈਕਟਰ 39 ਵਿਚ ਮਿਲੀ ਕੋਠੀ ਵਿਚ ਇੱਕ ਦਿਨ ਰਹਿਣ ਦਾ ਮੌਕਾ ਵੀ ਨਹੀਂ ਮਿਲਿਆ, ਕਿਉਂਕਿ ਉਹ ਹਾਲੇ ਤੱਕ ਇਸ ਕੋਠੀ ਦਾ ਸਰਕਾਰੀ ਤੌਰ ’ਤੇ ਕੰਮ ਕਰ ਰਹੇ ਸਨ। ਜਦੋਂਕਿ ਉਨਾਂ ਮਾਨਸਾ ਸਥਿਤ ਅਪਣੀ ਪੁਰਾਣੀ ਰਿਹਾਇਸ਼ ਬਦਲ ਕੇ ਚਕੇਰੀਆ ਰੋਡ ’ਤੇ ਸਥਿਤ ਪਾਈ ਕੋਠੀ ਵਿਚ ਰਿਹਾਇਸ਼ ਤਬਦੀਲ ਕਰ ਲਈ ਸੀ।
Share the post "ਇੱਕ ‘ਪਰੈਂਸਟ’ ਕਮਿਸ਼ਨ ਮੰਗਣ ਵਾਲੇ ਮੰਤਰੀ ਦਾ ਪੁਲਿਸ ਨੇ ਓਐਸਡੀ ਸਹਿਤ ਲਿਆ ਚਾਰ ਦਿਨਾਂ ਦਾ ਪੁਲਿਸ ਰਿਮਾਂਡ"