ਚੰਡੀਗੜ੍ਹ, 6 ਅਕਤੂਬਰ (ਅਸ਼ੀਸ਼ ਮਿੱਤਲ): ਪੰਜਾਬ ਦੇ ਵਿੱਚ ਈਡੀ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਮਰਗੜ੍ਹ ਤੋਂ ਐਮਐਲਏ ਗੱਜਣਮਾਜਰਾ ਦੀ ਗ੍ਰਿਫਤਾਰੀ ਮਲੇਰਕੋਟਲਾ ਦੇ ਨੇੜੇ ਤਾਰਾ ਸਟੇਟ ਗੋਸਪੁਰ ਵਿਖੇ ਇੱਕ ਦਫਤਰ ਵਿਚੋਂ ਕੀਤੀ ਗਈ ਦੱਸੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਗੱਜਣਮਾਜਰਾ ਵਲੋਂ ਮੀਟਿੰਗ ਕੀਤੀ ਜਾ ਰਹੀ ਸੀ ਜਦ ਉਸਨੂੰ ਹਿਰਾਸਤ ਵਿਚ ਲਿਆ ਗਿਆ। ਪਤਾ ਲੱਗਿਆ ਹੈ ਕਿ ਉਨਾਂ ਨੂੰ ਈਡੀ ਵੱਲੋਂ ਜਲੰਧਰ ਦਫਤਰ ਵਿੱਚ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਬੈਂਕਾਂ ਦੇ ਨਾਲ ਚੱਲ ਰਹੇ ਕੇਸਾਂ ਦੇ ਮਾਮਲੇ ਵਿੱਚ ਉਨ੍ਹਾਂ ਦੀ ਗਿਰਫਤਾਰੀ ਕੀਤੀ ਗਈ ਹੈ। ਹੁਣ ਈਡੀ ਵੱਲੋਂ ਉਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
CM ਭਗਵੰਤ ਮਾਨ VS ਰਾਜਪਾਲ: ਗਵਰਨਰ ਨੂੰ ਸੁਪਰੀਮ ਕੋਰਟ ਤੋਂ ਪਈ ਝਾੜ!
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਈਡੀ ਦੀਆਂ ਟੀਮਾਂ ਗੱਜਣਮਾਜਰਾ ਦੇ ਫਾਰਮ ਹਾਊਸ ਅਤੇ ਹੋਰ ਥਾਵਾਂ ਤੇ ਛਾਪੇਮਾਰੀ ਕਰ ਚੁੱਕੀਆਂ ਹਨ। ਉਹਨਾਂ ਦਾ ਆਪਣਾ ਵੱਡਾ ਕਾਰੋਬਾਰ ਦੱਸਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ। ਉੰਝ ਈਡੀ ਵੱਲੋਂ ਇਸ ਤੋਂ ਪਹਿਲਾਂ ਵੀ ਪੰਜਾਬ ਤੋਂ ਇਲਾਵਾ ਦਿੱਲੀ ਦੇ ਕਈ ਆਪ ਆਗੂਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਦਿੱਲੀ ਨਾਲ ਸੰਬੰਧਿਤ ਕਈ ਆਪ ਆਗੂਆਂ ਨੂੰ ਤਾਂ ਈਡੀ ਵੱਲੋਂ ਗਿਰਫਤਾਰ ਵੀ ਕੀਤਾ ਜਾ ਚੁੱਕਿਆ ਹੈ। ਪ੍ਰੰਤੂ ਪੰਜਾਬ ਦੇ ਵਿੱਚ ਇਹ ਈਡੀ ਵੱਲੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਿਸੇ ਵਿਧਾਇਕ ਦੀ ਕੀਤੀ ਗਈ ਪਹਿਲੀ ਗ੍ਰਿਫਤਾਰੀ ਹੈ।