ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 9 ਸਤੰਬਰ : ਘਰ ਦੀ ਗਰੀਬੀ ਦਾ ਦਾਗ ਧੋਣ ਲਈ ਏਜੰਟ ਦੇ ਧੋਖੇ ਨਾਲ ਸਿੰਗਾਪੁਰ ਦੀ ਬਜਾਏ ਅਰਬ ਦੇਸ ਉਮਾਨ ’ਚ ਪਿਛਲੇ ਲੰਮੇ ਸਮੇਂ ਤੋਂ ਫ਼ਸੀ ਬਠਿੰਡਾ ਦੀ ਇੱਕ ਲੜਕੀ ਅੱਜ ਸਹੀ ਸਲਾਮਤ ਅਪਣੇ ਘਰ ਵਾਪਸ ਪਰਤ ਆਈ ਹੈ। ਜ਼ਿਲ੍ਹੇ ਦੀ ਹੱਦ ’ਤੇ ਵਸੇ ਆਖ਼ਰੀ ਪਿੰਡ ਬਰਕੰਦੀ ਦੀ ਇਸ ਲੜਕੀ ਨੂੰ ਘਰ ਤੱਕ ਵਾਪਸ ਪਹੁੰਚਾਉਣ ਲਈ ਆਪ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਕਿਰਕਟਰ ਹਰਭਜਨ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ। ਜਿੰਨ੍ਹਾਂ ਪਾਰਟੀ ਦੇ ਇੱਕ ਆਗੂ ਵਲੋਂ ਇਹ ਮਾਮਲਾ ਧਿਆਨ ਵਿਚ ਲਿਆਉਣ ਤੋਂ ਬਾਅਦ ਉਮਾਨ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਇਸ ਲੜਕੀ ਦੀ ਵਾਪਸੀ ਕਰਵਾਈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ਅਤੇ ਉਸਦੇ ਮਾਪਿਆਂ ਨੇ ਜਿੱਥੇ �ਿਕਟਰ ਹਰਭਜਨ ਸਿੰਘ ਤੇ ਆਪ ਆਗੂ ਇਕਬਾਲ ਸਿੰਘ ਦਾ ਧੰਨਵਾਦ ਕੀਤਾ, ਉਥੇ ਅਰਬ ਦੇਸਾਂ ਵੱਲ ਜਾਣ ਵਾਲੀਆਂ ਲੜਕੀਆਂ ਨੂੰ ਵੀ ਪੂਰੀ ਪਰਖ਼ ਤੋਂ ਬਾਅਦ ਹੀ ਜਹਾਜ ਚੜਣ ਦੀ ਸਲਾਹ ਦਿੱਤੀ। ਲੜਕੀ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਇੱਕ ਜਾਣਕਾਰ ਰਾਹੀਂ ਉਨ੍ਹਾਂ ਅਪਣੀ ਲੜਕੀ ਨੂੰ ਸਿੰਗਾਪੁਰ ਭੇਜਣ ਲਈ ਮੋਗੇ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਦੇ ਇੱਕ ਏਜੰਟ ਨਾਲ ਸੰਪਰਕ ਕਰਿਆ ਸੀ, ਜਿੰਨ੍ਹਾਂ ਇਸਦੇ ਬਦਲੇ ਉਨ੍ਹਾਂ ਕੋਲੋ ਤਿੰਨ ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿਚ ਲੜਕੀ ਨੂੰ ਉਮਾਨ ਭੇਜ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨਾਲ ਵਿਦੇਸ਼ ਵਿੱਚ ਇਕ ਭਾਰਤੀ ਪਰਿਵਾਰ ਦੇ ਕੰਮ ਕਰਨ ਲਈ ਭੇਜਣ ਦਾ ਵਾਅਦਾ ਕੀਤਾ ਗਿਆ ਸੀ। ਏਜੰਟ ਉਸਨੂੰ ਮਾਸਕਟ ਦੇ ਹਵਾਈ ਅੱਡੇ ਦੇ ਸਿੱਧੇ ਕਿਸੇ ਦਫਤਰ ਲੈ ਗਿਆ, ਜਿੱਥੇ ਉਤਰਦੇ ਸਾਰ ਹੀ ਉਸਦੇ ਬੁਰਕਾ ਪਹਿਨਾ ਦਿੱਤਾ ਗਿਆ। ਇਸ ਦੌਰਾਨ ਉਸਨੇ ਇਕ ਨਵਾਂ ਸਿਮ ਕਾਰਡ ਖਰੀਦਿਆ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਉਮਾਨ ਵਿਚ ਫ਼ਸਣ ਦੀ ਸੂਚਨਾ ਦਿੱਤੀ, ਜਿੱਥੇ ਪੰਜਾਬ ਸਮੇਤ ਵੱਖ ਵੱਖ ਰਾਜਾਂ ਦੀਆਂ ਪੰਜ ਲੜਕੀਆਂ ਫਸੀਆਂ ਹੋਈਆਂ ਸਨ। ਪੀੜਤ ਲੜਕੀ ਦੇ ਪਿਤਾ ਸਿਕੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਉਕਤ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰਨੀਆਂ ਤੇ ਪਾਸਪੋਰਟ ਅਤੇ ਬੇਟੀ ਨੂੰ ਛੁਡਾਉਣ ਲੱਖਾਂ ਰੁਪਏ ਦੀ ਮੰਗ ਰੱਖ ਦਿੱਤੀ। ਜਿਸ ਦੀ ਸ਼ਿਕਾਇਤ ਉਹ ਸਥਾਨਕ ਥਾਣਾ ਨੇਹੀਆਂਵਾਲਾ ਵਿਖੇ ਕਰਨ ਜਾ ਰਹੇ ਹਨ। ਪਰਿਵਾਰ ਨੇ ਭਰੇ ਮਨ ਨਾਲ ਦਸਿਆ ਕਿ ਉਥੇ ਲੜਕੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਰਹੀ, ਜਿਸਨੂੰ ਉਨ੍ਹਾਂ ਅਪਣਾ ਮਕਾਨ ਗਿਰਵੀ ਰੱਖ ਕੇ ਏਜੰਟ ਰਾਹੀਂ ਚੰਗੇ ਭਵਿੱਖ ਲਈ ਬਾਹਰ ਭੇਜਿਆ ਸੀ।
Share the post "ਉਮਾਨ ’ਚ ਫਸੀ ਬਠਿੰਡਾ ਦੀ ਲੜਕੀ ਕਿਰਕਟਰ ਹਰਭਜਨ ਸਿੰਘ ਦੇ ਯਤਨਾਂ ਸਦਕਾ ਘਰ ਪੁੱਜੀ"