ਅੰਗਹੀਣ ਅਤੇ ਬਜ਼ੁਰਗ ਮਰੀਜ਼ਾਂ ਕਰਨਾ ਪੈਂਦਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 5 ਜੂਨ: ਬਠਿੰਡਾ ’ਚ ਬਣੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼(ਏਮਜ਼) ਦੀ ਓਪੀਡੀ ਵਿਚ ਵਧ ਰਹੀ ਭੀੜ ਕਾਰਨ ਬਜ਼ੁਰਗ ਅਤੇ ਅੰਗਹੀਣ ਮਰੀਜ਼ ਪ੍ਰੇਸ਼ਾਨ ਹਨ। ਇੱਥੇ ਸਵੇਰ 5 ਵਜੇ ਦੇ ਕਰੀਬ ਵੱਡੀ ਤਾਦਾਦ ਵਿਚ ਮਰੀਜ਼ ਓ.ਪੀ.ਡੀ ਹਾਲ ਦੇ ਸਾਹਮਣੇ ਬੈਠ ਜਾਂਦੇ ਹਨ। ਖਿੜਕੀ ਖੁੱਲਣ ਦਾ ਸਮਾਂ ਸਵੇਰ 8 ਵਜੇ ਦਾ ਹੈ, ਜਿਸਦੇ ਚੱਲਦੇ ਓ.ਪੀ.ਡੀ ਹਾਲ ਦੇ ਗੇਟ ਖੁੱਲ੍ਹਦੇ ਹੀ ਬਾਹਰ ਤੱਕ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸੋਮਵਾਰ ਤੋਂ ਲੈ ਸ਼ੁੱਕਰਵਾਰ ਤੱਕ ਹਸਪਤਾਲ ਦੀ ਓ.ਪੀ.ਡੀ ਹਾਲ ਹਾਊਸ ਫ਼ੁਲ ਰਹਿੰਦੀ ਹੈ। ਹਸਪਤਾਲ ਦੇ ਓ.ਪੀ.ਡੀ ਹਾਲ 8 ਖਿੜਕੀਆਂ ਹਨ, ਜਿੰਨਾ ਵਿਚ ਭਾਵੇਂ ਅੰਗਹੀਣ ਅਤੇ ਬਜ਼ੁਰਗਾਂ ਲਈ ਅਲੱਗ ਅਲੱਗ ਖਿੜਕੀ ਹੈ। ਪਰ ਇੰਨਾਂ ਖਿੜਕੀਆਂ ਉਪਰ ਨੌਜਵਾਨ ਪਰਚੀ ਕਟਵਾਉਂਦੇ ਦੇਖੇ ਜਾ ਸਕਦੇ ਹਨ। ਮਰੀਜ਼ਾ ਨੇ ਦੱਸਿਆ ਕਿ ਪਰਚੀ ਆਨਲਾਈਨ ਬੁੱਕ ਕਰਵਾਉਣ ਦੇ ਬਾਵਜੂਦ ਵੀ ਪਰਚੀ ’ਤੇ ਨੰਬਰ ਲਗਵਾਉਣ ਲਈ ਲਾਈਨ ਵਿਚ ਲੱਗਣਾ ਪੈਦਾ ਹੈ। ਫਾਜਲਿਕਾ ਖੇਤਰ ਤੇ ਆਏ ਅੱਖਾਂ ਦੇ ਇੱਕ ਮਰੀਜ਼ ਨੇ ਦੱਸਿਆ ਕਿ ਅੱਖ ਵਿਭਾਗ ਵਿਚ ਚੈੱਕਅਪ ਲਈ ਉਹ 7.30 ਵਜੇ ਹੀ ਪਹੁੰਚ ਗਿਆ ਸੀ ਪਰ ਇੱਥੇ ਅੱਖਾਂ ਵਿਭਾਗ ਵਿਚ ਕੰਮ ਕਰਦੇ ਥੱਲੜੇ ਸਟਾਫ ਵੱਲੋਂ ਪਰਚੀ ਵਾਪਸ ਕਰ ਦਿੱਤੀ ਕਿ ਪਰਚੀ ਦੁਬਾਰਾ ਬਣਾ ਕੇ ਲਿਆਵੋ।ਇੱਕ ਹੋਰ ਮਰੀਜ਼ ਸੰਜੀਵ ਕੁਮਾਰ ਬਠਿੰਡਾ ਨੇ ਅੱਖ ਵਿਭਾਗ ਦੇ ਹੈਲਪ ਡੈਸਕ ਸਟਾਫ਼ ਤੇ ਵੀ ਦੋਸ਼ ਲਗਾਏ ਕਿ ਚਹੇਤੇ ਲੋਕਾਂ ਦੀ ਪਰਚੀਆਂ ਨੂੰ ਪਹਿਲਾ ਲਗਾ ਦਿੱਤਾ ਜਾਂਦਾ ਹੈ। ਪਿੰਡ ਮਹਿਮਾ ਸਵਾਈ ਦੇ ਬਲਦੇਵ ਸਿੰਘ ਨੇ ਕਿਹਾ ਕਿ ਰੇਡਿਓਲੋਜੀ ਵਿਭਾਗ ਅੰਦਰ ਅਤੇ ਫ਼ੀਸ ਕਾਊਂਟਰ ਉੱਥੇ ਹੀ ਸਥਾਪਿਤ ਕੀਤਾ ਜਾਵੇ ਤਾਂ ਜੋ ਮਰੀਜ਼ ਨੂੰ ਮੁੜ ਖਿੜਕੀ ਤੇ ਨਾਂ ਖੜਨਾ ਪਵੇ। ਇਸਤੋਂ ਇਲਾਵਾ ਹਸਪਤਾਲ ਅੰਦਰ ਵੀਲ ਚੇਅਰ ਦੀ ਕਮੀ ਵੀ ਦੇਖੀ ਜਾ ਸਕਦੀ ਹੈ ਜਿਸ ਕਾਰਨ ਛੋਟੇ ਅਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਵੀਲ ਚੇਅਰ ਲੱਭਣ ਵਿਚ ਦਿੱਕਤ ਆਉਂਦੀ ਹੈ। ਓ.ਪੀ.ਡੀ ਅੰਦਰ ਲੱਗਿਆ ਏ.ਟੀ.ਐਮ ਲੰਮੇ ਸਮੇਂ ਤੋਂ ਬੰਦ ਪਿਆ ਹੈ। ਰੇਡਿਓਲੋਜੀ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮਰੀਜ਼ਾ ਨੂੰ ਐਮ.ਆਰ.ਆਈ, ਅਲਟਸਾਊਡ ,ਸਿਟੀ ਸਕੈਨ ਲਈ 15 ਦਿਨ ਤੋਂ 1 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਲਾਜ ਲਈ ਆਏ ਮਰੀਜ਼ ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਰੀਜ਼ ਨੂੰ ਬੈਠਣ ਲਈ ਕੁਰਸੀ ਨਹੀਂ ਮਿਲਦੀ ਹੈ ਜਿਸ ਕਾਰਨ ਲੋੜਵੰਦ ਮਰੀਜ਼ਾਂ ਨੂੰ ਧਰਤੀ ਤੇ ਬੈਠਣ ਲਈ ਮਜਬੂਰ ਹੋਣਾ ਪੈਦਾ ਹੈ।