ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਅਨਾਜ਼ ਮੰਡੀ ’ਚ ਵਿਸਾਲ ਔਰਤ ਕਾਨਫਰੰਸ ਆਯੋਜਿਤ
ਔਰਤ ਮੁਕਤੀ ਲਈ ਜਮਾਤੀ ਸੰਘਰਸ ਤੇਜ ਕਰਨ ਦਾ ਸੱਦਾ
ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਅੱਜ ਕੌਮਾਤਰੀ ਔਰਤ ਦਿਵਸ ਮੌਕੇ ਵਿਲੱਖਣ ਪਹਿਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਔਰਤ ਕਿਸਾਨ ਆਗੂਆਂ ਵਲੋਂ ਕਾਨਫਰੰਸ ਆਯੋਜਿਤ ਕਰਕੇ ਔਰਤ ਮੁਕਤੀ ਲਈ ਜਮਾਤੀ ਸੰਘਰਸ ਤੇਜ ਕਰਨ ਦਾ ਸੱਦਾ ਦਿੱਤਾ ਗਿਆ। ਸਥਾਨਕ ਅਨਾਜ਼ ਮੰਡੀ ’ਚ ਕੀਤੀ ਇਸ ਵਿਸ਼ਾਲ ਕਾਨਫਰੰਸ ਦੀ ਵਿਸੇਸ ਗੱਲ ਇਹ ਰਹੀ ਕਿ ਇਸ ਵਿਚ ਜਥੇਬੰਦੀ ਦੀਆਂ ਔਰਤ ਆਗੂਆਂ ਨੇ ਹੀ ਸੰਬੋਧਨ ਕੀਤਾ। ਇਸ ਮੌਕੇ ਔਰਤ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ ਤੇ ਪਰਮਜੀਤ ਕੌਰ ਜੋਧਪੁਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਲੁਟੇਰੇ ਪ੍ਰਬੰਧ ਅਧੀਨ ਔਰਤਾਂ ਦੂਹਰੀ ਗੁਲਾਮੀਂ ਭੋਗ ਰਹੀਆਂ ਹਨ। ਜਦੋਂ ਕਿ ਫਿਰਕੂ ਤੇ ਜਾਤਪਾਤੀ ਵੰਡੀਆਂ ਵਾਲੀ ਸਮਾਜਿਕ ਵਿਵਸਥਾ ਕਾਰਨ ਦਲਿਤ ਔਰਤਾਂ ਤੀਹਰੇ ਦਾਬੇ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ। ਇਹਦੇ ਨਾਲ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਸਿਰਜਿਆ ਗਿਆ ਹੈ। ਉਹਨਾਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਲੜੇ ਗਏ ਇਤਹਾਸਿਕ ਕਿਸਾਨ ਸੰਘਰਸ ਦੌਰਾਨ ਕਿਸਾਨ ਮਜਦੂਰ ਔਰਤਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਇਸ ਮਿਸਾਲੀ ਸੰਘਰਸ ਸਮੇਤ ਬੀਤੇ ਸਮਿਆਂ ਦੇ ਸੰਘਰਸਾਂ ਚ ਔਰਤਾਂ ਵੱਲੋਂ ਨਿਭਾਏ ਵਿਲੱਖਣ ਰੋਲ ਸਦਕਾ ਕਿਸਾਨ ਪਰਿਵਾਰਾਂ ‘ਚ ਵੀ ਔਰਤ ਵਿਰੋਧੀ ਜਗੀਰੂ ਰਵਾਇਤਾਂ ਨੂੰ ਖੋਰਾ ਪੈਣ ਲੱਗਾ ਹੈ। ਉਹਨਾਂ ਕਿਹਾ ਔਰਤ ਦੀ ਮੁਕਤੀ ਤੇ ਸਮਾਜਿਕ ਬਰਾਬਰੀ ਲਈ ਜਮਾਤੀ ਸੰਘਰਸਾਂ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਔਰਤਾਂ ਨੂੰ ਆਪਣੀ ਮੁਕਤੀ ਲਈ ਜਮਾਤੀ ਸੰਘਰਸਾਂ ਅੰਦਰ ਹੋਰ ਵਧੇਰੇ ਧੜੱਲੇ ਨਾਲ ਨਿੱਤਰਣ ਤੇ ਆਗੂ ਸਫਾਂ ‘ਚ ਸਾਮਲ ਹੋਣ ਦਾ ਸੱਦਾ ਦਿੱਤਾ। ਕਾਨਫਰੰਸ ਵਿੱਚ ਕਿਸਾਨ ਔਰਤਾਂ ਤੋਂ ਇਲਾਵਾ ਖੇਤ ਮਜਦੂਰ ਤੇ ਮੁਲਾਜਮ ਔਰਤਾਂ ਵੱਲੋਂ ਵੀ ਭਰਵੀਂ ਸਮੂਲੀਅਤ ਕੀਤੀ ਗਈ। ਇਸਤੋਂ ਬਾਅਦ ਦਾਣਾ ਮੰਡੀ ਤੋਂ ਲੈ ਕੇ ਡਿਪਟੀ ਕਮਿਸਨਰ ਦਫਤਰ ਤਕ ਮੁਜ਼ਾਹਰਾ ਕਰ ਕੇ ਮੰਗ ਕੀਤੀ ਗਈ ਕਿ ਨਰਮੇ ਦੇ ਖ਼ਰਾਬੇ ਦੇ ਮੁਆਵਜੇ ਤੋਂ ਰਹਿੰਦੇ ਸਾਰੇ ਕਾਸਤਕਾਰ ਕਿਸਾਨਾਂ ਨੂੰ ਨਰਮੇ ਦੇ ਖਰਾਬੇ ਦਾ ਮੁਆਵਜਾ ਦਿੱਤਾ ਜਾਵੇ । ਨਰਮੇ ਦੀ ਚੁਗਾਈ ਦੇ ਰੁਜਗਾਰ ਉਜਾੜੇ ਦਾ ਮੁਆਵਜਾ ਜੋ ਕਿ ਖਾਸ ਕਰ ਨਰਮਾ ਮਜਦੂਰ ਔਰਤਾਂ ਹੀ ਚੁਗਦੀਆਂ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੁਰੰਤ ਦਿੱਤਾ ਜਾਵੇ । ਕਿਸਾਨ ਅਤੇ ਮਜਦੂਰ ਔਰਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨਰਮੇ ਦਾ ਮੁਆਵਜ਼ਾ ਕਿਸਾਨਾਂ ਮਜਦੂਰਾਂ ਨੂੰ ਛੇਤੀ ਨਾ ਵੰਡਿਆ ਤਾਂ ਇਸ ਦੇ ਖ਼ਿਲਾਫ਼ ਔਰਤਾਂ ਵਲੋਂ ਸੰਘਰਸ਼ ਵਿੱਢਿਆ ਜਾਵੇਗਾ । ਅੱਜ ਦੇ ਇਕੱਠ ਨੂੰ ਸੁਖਪ੍ਰੀਤ ਕੌਰ ਗਿੱਦੜ, ਬਲਜੀਤ ਕੌਰ ਪਥਰਾਲਾ ਅਤੇ ਸੁਖਜੀਤ ਕੌਰ ਨਥਾਣਾ ਨੇ ਵੀ ਸੰਬੋਧਨ ਕੀਤਾ । ਬੀਰਜੀਤ ਕੌਰ ਨੇ ਗੀਤ ਪੇਸ਼ ਕੀਤੇ। ਅੱਜ ਦੇ ਸਮਾਗਮ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ, ਜੇਠੂਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ,ਮੋਠੂ ਸਿੰਘ ਕੋਟੜਾ ਤੋਂ ਇਲਾਵਾ ਜ਼ਿਲ੍ਹਾ/ ਬਲਾਕਾਂ ਦੇ ਆਗੂ ਵੀ ਸ਼ਾਮਲ ਸਨ ।
ਔਰਤ ਕਿਸਾਨ ਆਗੂਆਂ ਨੇ ਕਾਨਫਰੰਸਾਂ ਕਰਕੇ ਮਨਾਇਆ ਕੌਮਾਂਤਰੀ ਦਿਵਸ
12 Views