ਵਿਦੇਸ਼ ’ਚ ਭੇਜੇ ਨੌਜਵਾਨ ਦਾ ਪਾਸਪੋਰਟ ਖੋਹਣ ਦਾ ਮਾਮਲਾ
ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ-ਸਥਾਨਕ ਅਜੀਤ ਰੋਡ ਦੀ ਗਲੀ ਨੰਬਰ 29 ਕੋਲ ਸਥਿਤ ਇੱਕ ਆਈਲੇਟਸ ਇੰਸਟੀਚਿਊਟ ਅੱਗੇ ਅੱਜ ਕਿਸਾਨਾਂ ਵਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਇਸ ਮੌਕੇ ਉਕਤ ਸੰਸਥਾ ਦੇ ਪ੍ਰਬੰਧਕਾਂ ਉਪਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਥਾਣਾ ਸਿਵਲ ਲਾਈਨ ਦੇ ਪੁਲਿਸ ਮੁਖੀ ਫ਼ੋਰਸ ਲੈ ਕੇ ਪੁੱਜੇ ਹੋਏ ਸਨ। ਕਾਫ਼ੀ ਜਦੋਜਹਿਦ ਦੇ ਬਾਅਦ ਮਾਮਲੇ ਨੂੰ ਸ਼ਾਂਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪਿੰਡ ਬਾਜ਼ਕ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਸਦੇ ਪੁੱਤਰ ਖੁਸਦੀਪ ਸਿੰਘ ਨੂੰ ਏਬੀਐਮ ਸੰਸਥਾ ਦੇ ਪ੍ਰਬੰਧਕਾਂ ਨੇ ਕਰੀਬ ਪੰਜ ਸਾਲ ਪਹਿਲਾਂ ਮਲੇਸ਼ੀਆ ਭੇਜਿਆ ਸੀ ਪ੍ਰੰਤੂ ਕਰੀਬ ਪੌਣੇ ਦੋ ਸਾਲ ਬਾਅਦ ਮਲੇਸ਼ੀਆ ਵਿਚ ਪਾਸਪੋਰਟ ਤੇ ਹੋਰ ਦਸਤਾਵੇਜ਼ ਖੋਹ ਲਏ। ਜਿਸ ਕਾਰਨ ਖ਼ੁਸਦੀਪ ਹੁਣ ਪਿਛਲੇ ਤਿੰਨ ਸਾਲਾਂ ਤੋਂ ਦੇਸ ਵਾਪਸ ਨਾ ਆ ਸਕਣ ਕਾਰਨ ਜੰਗਲਾਂ ’ਚ ਦਿਨ ਕਟੀ ਕਰਨ ਲਈ ਮਜਬੂਰ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਹ ਕਈ ਵਾਰ ਇਸ ਸੰਸਥਾ ਦੇ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਕੋਈ ਬਾਂਹ ਨਹੀਂ ਫ਼ੜਾ ਰਹੇ ਹਨ। ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਮਜਬੂਰਨ ਭਾਰਤੀ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ ਹੈ। ਇਸ ਦੌਰਾਨ ਸਥਾਨਕ ਭਾਗੂ ਰੋਡ ਤੋਂ ਪੁੱਜੇ ਹੋਏ ਇੱਕ ਹੋਰ ਵਿਅਕਤੀ ਨੇ ਇਸ ਸੰਸਥਾ ਦੇ ਪ੍ਰਬੰਧਕਾਂ ਉਪਰ ਅਪਣੀ ਲੜਕੀ ਦੀ ਕੈਨੇਡਾ ਫ਼ੀਸ ਭੇਜਣ ਦੇ ਮਾਮਲੇ ਵਿਚ ਠੱਗੀ ਮਾਰਨ ਦਾ ਦੋਸ਼ ਲਗਾਇਆ। ਇਸ ਵਿਅਕਤੀ ਮੁਤਾਬਕ ਉਸ ਵਲੋਂ ਪੁਲਿਸ ਕੋਲ ਸਿਕਾਇਤ ਵੀ ਕੀਤੀ ਗਈ ਹੈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਧਰ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਦੋਹਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਮਾਮਲੇ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਹੈ। ਦੂਜੇ ਪਾਸੇ ਏਬੀਐਮ ਦੇ ਪ੍ਰਬੰਧਕ ਮੁਕੁਲ ਕੁਮਾਰ ਦਾ ਪੱਖ ਜਾਣਨ ਲਈ ਕਈ ਵਾਰ ਉਨ੍ਹਾਂ ਦੇ ਮੋਬਾਇਲ ਤੇ ਦਫ਼ਤਰ ਦੇ ਨੰਬਰਾਂ ਉਪਰ ਸੰਪਰਕ ਕੀਤਾ ਪ੍ਰੰਤੂ ਫੋਨ ਬੰਦ ਹੋਣ ਕਾਰਨ ਗੱਲ ਨਹੀਂ ਹੋ ਸਕੀ।