ਅੱਜ ਦੂਜੇ ਦਿਨ ਵੀ ਮੌੜ ਥਾਣੇ ਦਾ ਮੁਕੰਮਲ ਘਿਰਾਓ ਜਾਰੀ
ਭੋਲਾ ਸਿੰਘ ਮਾਨ
ਮੌੜ ਮੰਡੀ, 20 ਸਤੰਬਰ: ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਕਿਸਾਨਾਂ ’ਤੇ ਦਰਜ਼ ਕਰਵਾਏ ਕਥਿਤ ਨਾਜਾਇਜ਼ ਮਾਈਨਿੰਗ ਦੇ ਪਰਚੇ ਰੱਦ ਕਰਾਉਣ ਅਤੇ ਕਿਸਾਨਾਂ ਨੂੰ ਆਪਣੀ ਉੱਚੀ ਜ਼ਮੀਨ ਪੱਧਰੀ ਕਰਨ ਲਈ ਮਾਈਨਿੰਗ ਐਕਟ ਚੋਂ ਬਾਹਰ ਕੱਢਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਦੂਜੇ ਦਿਨ ਵੀ ਮੌੜ ਥਾਣੇ ਦਾ ਮੁਕੰਮਲ ਘਿਰਾਓ ਜਾਰੀ ਹੈ। ਸੁਖਵੀਰ ਸਿੰਘ ਮਾਈਸਰਖਾਨਾ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਅੱਜ ਕਿਸਾਨਾਂ ਵੱਲੋਂ ਮੌੜ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਕੱਲ੍ਹ ਧਰਨੇ ਚੋਂ ਬਿਮਾਰ ਹੋਣ ਤੋਂ ਬਾਅਦ ਘਰ ਜਾ ਕੇ ਹੋਈ ਪਿੰਡ ਰਾਏਖਾਨਾ ਦੀ ਔਰਤ ਗੁਰਦੇਵ ਕੌਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਨਮਾਨ ਵਜੋਂ ਮਿ੍ਤ ਦੇਹ ਤੇ ਜਥੇਬੰਦੀ ਦਾ ਝੰਡਾ ਪਾਇਆ ।ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸਾਨਾਂ ਨੂੰ ਭਰੋਸਾ ਸੀ ਕਿ ਇਹ ਜੋ ਕਿਸਾਨਾਂ ਮਜਦੂਰਾਂ ਅਤੇ ਆਮ ਲੋਕਾਂ ਵਿਰੁੱਧ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਵਿੱਚ ਸੋਧਾਂ ਕਰਕੇ ਲੋਕ ਪੱਖੀ ਕਾਨੂੰਨ ਲਾਗੂ ਕਰੇਗੀ ਪਰ ਮਾਂਨ ਸਰਕਾਰ ਵੱਲੋਂ ਪਹਿਲਾਂ ਦੀਆਂ ਸਰਕਾਰਾਂ ਨਾਲੋਂ ਵੀ ਇਹ ਕਾਨੂੰਨ ਹੋਰ ਲੋਕਾਂ ਵਿਰੁੱਧ ਸਖ਼ਤ ਕਰ ਕੇ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਹਨ ਅਤੇ ਪਹਿਲੀਆਂ ਸਰਕਾਰਾਂ ਨੂੰ ਚੰਗਾ ਕਹਾ ਦਿੱਤਾ । ਕਿਸਾਨਾਂ ਦੀ ਮੰਗ ਸੀ ਕਿ ਕਿਸਾਨਾਂ ਨੂੰ ਆਪਣੇ ਜਮੀਨ ਪੱਧਰੇ ਕਰਨ ਲਈ ਉੱਚੀ ਜਮੀਨ ਚੁੱਕਣ ਲਈ ਇਸ ਨੂੰ ਮਾਈਨਿੰਗ ਐਕਟ ਚੋਂ ਬਾਹਰ ਕੀਤਾ ਜਾਵੇ ਪਰ ਹੁਣ ਇਸ ਕਾਨੂੰਨ ਨੂੰ ਹੋਰ ਸਖ਼ਤ ਕਰ ਕੇ ਕਿਸਾਨਾਂ ਨੂੰ ਤਿੰਨ ਫੁੱਟ ਤਕ ਵੀ ਮਿੱਟੀ ਬਿਨਾਂ ਇਜਾਜਤ ਤੋਂ ਚੁੱਕਣ ਤੇ ਪਾਬੰਦੀ ਲਾ ਦਿੱਤੀ ਹੈ । ਕਿਸਾਨਾਂ ਨੂੰ ਪਾਣੀ ਬਚਾਉਣ ਦਾ ਨਾਅਰਾ ਦੇ ਕੇ ਸਰਕਾਰ ਨੇ ਪੰਦਰਾਂ ਸੌ ਰੁਪਿਆ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਹਾਲੇ ਤੱਕ ਪੂਰਾ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪਰਾਲੀ ਦੀ ਸੰਭਾਲ ਸਬੰਧੀ ਸਰਕਾਰ ਨੂੰ ਇਸ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਪਰ ਸਰਕਾਰ ਨੂੰ ਬਿਨਾਂ ਕੋਈ ਰਾਹਤ ਦਿੱਤੇ ਪਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਨਾਲ ਜੰਗ ਦਾ ਐਲਾਨ ਕਰ ਕੇ ਸਖ਼ਤੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜਦੋਂ ਕਿ ਰਾਮੇ ਦੀ ਰਿਫਾਇਨਰੀ ਵਰਗੀਆਂ ਅਨੇਕਾਂ ਫੈਕਟਰੀਆਂ ਚੋਂ ਤਿੱਨ ਰਾਤ ਨਿਕਲ ਰਹੇ ਕੈਮੀਕਲ ਵਾਲੇ ਧੂੰਏ ਨਾਲ ਸ਼ਰ੍ਹੇਆਮ ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਸਰਕਾਰ ਤੇ ਦੋਸ਼ ਲਾਇਆ ਕਿ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਸਰਮਾਏਦਾਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਇਸ ਦੇ ਉਲਟ ਕਿਸਾਨਾਂ ਮਜਦੂਰਾਂ ਤੇ ਪਾਬੰਦੀਆਂ ਮੜ੍ਹ ਰਹੀ ਹੈ । ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਪੱਖੀ ਕਾਨੂੰਨ ਬਣਾ ਕੇ ਲਾਗੂ ਕਰਾਉਣ ਲਈ ਉਹ ਇੱਕੋ ਇੱਕ ਰਾਹ ਸੰਘਰਸ਼ਾਂ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਪਹੁੰਚਣ। ਅੱਜ ਦੇ ਇਕੱਠ ਨੂੰ ਜਗਸੀਰ ਸਿੰਘ ਝੂੰਬਾ ਜਗਦੇਵ ਸਿੰਘ ਜੋਗੇਵਾਲਾ ਮਾਲਣ ਕੌਰ ਕੋਠਾਗੁਰੂ ਹਰਪ੍ਰੀਤ ਸਿੰਘ ਦੀਨਾ ਰਾਮ ਸਿੰਘ ਕੋਟਗੁਰੂ ਜਸਪਾਲ ਸਿੰਘ ਕੋਠਾਗੁਰੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਬਲਦੇਵ ਸਿੰਘ ਚਾਉਕੇ ਰਾਜਵਿੰਦਰ ਸਿੰਘ ਰਾਮਨਗਰ ਨੇ ਵੀ ਸੰਬੋਧਨ ਕੀਤਾ । ਰਾਮ ਸਿੰਘ ਨਿਰਮਾਣ ਅਤੇ ਨਿਰਮਲ ਸਿੰਘ ਸਿਵੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ ।
Share the post "ਕਿਸਾਨਾਂ ਨੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਖਿਲਾਫ ਕੀਤਾ ਮੌੜ ਸ਼ਹਿਰ ਵਿਚ ਮੁਜ਼ਾਹਰਾ"