ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਰਾਮਪੁਰਾ ਸਬ ਡਿਵੀਜ਼ਨ ’ਚ ਪਾਵਰਕੌਮ ਦੇ ਕੁੱਝ ਅਧਿਕਾਰੀਆਂ ਵਲੋਂ ਖੇਤੀ ਮੋਟਰ ਕੁਨੈਕਸ਼ਨਾਂ ਦੇ ਕਥਿਤ ਘਪਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੀਤੇ ਕੱਲ ਪੱਛਮੀ ਜੋਨ ਦੇ ਮੁੱਖ ਇੰਜਨੀਅਰ ਦੀ ਰਿਹਾਇਸ਼ ਅੱਗੇ ਚੱਲ ਰਿਹਾ ਲਗਾਤਾਰ ਦਿਨ – ਰਾਤ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਹਾਲਾਂਕਿ ਇਸ ਮਸਲੇ ਦੇ ਹੱਲ ਲਈ ਅੱਜ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਪਰੰਤੁੂ ਖ਼ਬਰ ਲਿਖੇ ਜਾਣ ਤੱਕ ਦੋਨਾਂ ਧਿਰਾਂ ਵਿਚਕਾਰ ਕੋਈ ਸਹਿਮਤੀ ਨਹੀਂ ਹੋ ਸਕੀ ਸੀ। ਉਧਰ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ , ਜਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ , ਜਗਦੇਵ ਸਿੰਘ ਜੋਗੇਵਾਲਾ , ਜਗਸੀਰ ਸਿੰਘ ਝੁੰਬਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਸੜੇ ਟਰਾਂਸਫਾਰਮਰ ਬਦਲਾਉਣ, ਖੇਤੀ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਇਸ ਧੋਖਾਧੜੀ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਨਛੱਤਰ ਸਿੰਘ ਢੱਡੇ, ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਜਰਨਲ ਸਕੱਤਰ ਬਲਦੇਵ ਸਿੰਘ ਚੌਕੇ ਨੇ ਕਿਹਾ ਕਿ ਲੱਗਭੱਗ ਬਾਰਾਂ ਤੇਰਾਂ ਸਾਲ ਪਹਿਲਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਕੁਨੈਕਸ਼ਨਾਂ ਲਈ ਓ ਵਾਈ ਟੀ ਸਕੀਮ ਤਹਿਤ ਰਾਮਪੁਰਾ ਦੇ ਦਫ਼ਤਰ ਵਿਚ ਬਣਦੀ ਰਕਮ ਜਮਾਂ ਕਰਵਾਈ ਸੀ । ਬਿਜਲੀ ਬੋਰਡ ਦੇ ਦਫਤਰ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਦਾ ਸਮਾਨ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚ ਖੇਤੀ ਮੋਟਰਾਂ ਚਾਲੂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਨੈਕਸ਼ਨਾਂ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਦਿੱਤੀਆਂ ਗਈਆਂ । ਹੁਣ ਜਦੋਂ ਮੋਟਰਾਂ ਦੇ ਟਰਾਂਸਫਾਰਮਰ ’ਚ ਨੁਕਸ ਪੈ ਗਿਆ ਤਾਂ ਕਿਸਾਨਾਂ ਨੇ ਦਫ਼ਤਰ ਜਾ ਕੇ ਦਰਖਾਸਤ ਦੇਣ ਉਪਰੰਤ ਟਰਾਂਸਫਾਰਮਰ ਬਦਲਣ ਦੀ ਮੰਗ ਕੀਤੀ ਤਾਂ ਉਹ ਹੈਰਾਨ ਰਹਿ ਗਏ ਜਦੋਂ ਸਬੰਧਤ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਰਿਕਾਰਡ ਵਿੱਚ ਤਾਂ ਕੋਈ ਕਨੈਕਸ਼ਨ ਚੱਲਦਾ ਹੀ ਨਹੀਂ । ਬਾਅਦ ਵਿਚ ਪਤਾ ਚੱਲਿਆ ਹੈ ਕਿ ਅਜਿਹੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਖੇਤੀ ਮੋਟਰਾ ਦੇ ਕੁਨੈਕਸ਼ਨ ਚਲਦੇ ਹਨ ਪਰ ਰਿਕਾਰਡ ਵਿੱਚ ਦਰਜ ਨਹੀਂ । ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਲੱਗਭੱਗ ਦੋ ਮਹੀਨਿਆਂ ਤੋਂ ਰਾਮਪੁਰਾ ਦੇ ਬਿਜਲੀ ਦਫਤਰ ਅੱਗੇ ਸੰਘਰਸ਼ ਚੱਲਿਆ। ਬੁਲਾਰਿਆਂ ਨੇ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਦੀ ਗਲਤੀ ਦੀ ਸਜਾ ਭੁਗਤਣੀ ਪੈ ਰਹੀ ਹੈ ਕਿਉਂ ਕਿ ਕਿਸਾਨਾਂ ਦੀਆਂ ਖੇਤੀ ਮੋਟਰਾ ਛੇ ਮਹੀਨੇ ਤੋਂ ਬੰਦ ਪਈਆਂ ਹਨ ਅਤੇ ਆਉਣ ਵਾਲੇ ਭਵਿੱਖ ਵਿੱਚ ਵੀ ਅਧਿਕਾਰੀ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕਰ ਰਹੇ। ਅੱਜ ਦੇ ਇਕੱਠ ਨੂੰ ਬੂਟਾ ਸਿੰਘ ਬੱਲੋ, ਗੁਰਪਾਲ ਸਿੰਘ ਦਿਓਣ, ਕੁਲਵੰਤ ਸਰਮਾ ਰਾਇਕੇ ਕਲਾਂ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਗੁਰਤੇਜ ਸਿੰਘ ਗੁਰੂਸਰ,ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਅਤੇ ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ।
Share the post "ਕਿਸਾਨ ਜਥੇਬੰਦੀ ਵਲੋਂ ਟਿਊਬਵੈਲ ਕੁਨੈਕਸ਼ਨ ਘਪਲੇ ਨੂੰ ਲੈ ਕੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਜਾਰੀ"