ਦਲਿਤ ਭਾਈਚਾਰਾਂ ਦਿੱਲੀ ਗਏ ਕਿਸਾਨਾਂ ਦੇ ਖੇਤਾਂ ‘ਚ ਡਟਿਆ
ਪਿੰਡਾਂ ਦੇ ਗੁਰੂਘਰਾਂ ‘ਚੋਂ ਸਪੀਕਰਾਂ ਰਾਹੀਂ ਕਿਸਾਨਾਂ ਦੀ ਮੱਦਦ ਦੇ ਹੋਕੇ ਆਉਣ ਲੱਗੇ
ਸੁਖਜਿੰਦਰ ਮਾਨ
ਬਠਿੰਡਾ, 06 ਦਸੰਬਰ: ਦਿੱਲੀ ‘ਚ ਇਤਿਹਾਸ ਰਚਣ ਜਾ ਰਹੇ ਕਿਸਾਨ ਸੰਘਰਸ਼ ਨੇ ਪਿੰਡਾਂ ‘ਚ ਟੁੱਟ ਰਹੀ ਭਾਈਚਾਰਕ ਤੰਦ ਨੂੰ ਵੀ ਮੁੜ ਮਜਬੂਤ ਕਰਨ ਦਾ ਕੰਮ ਕੀਤਾ ਹੈ। ਪਿੰਡਾਂ ‘ਚ ਦਹਾਕਿਆਂ ਪਹਿਲਾਂ ਵਾਲਾ ਪੁਰਾਂਤਨ ਪੇਂਡੂ ਸੱਭਿਆਚਾਰ ਮੁੜ ਰੂਪਮਾਨ ਹੋਣ ਲੱਗਾ ਹੈ। ਦਿੱਲੀ ਗਏ ਕਿਸਾਨਾਂ ਦੇ ਖੇਤਾਂ ਤੇ ਘਰੇਲੂ ਕੰਮਾਂ-ਕਾਰਾਂ ਲਈ ਹੁਣ ਆਪ ਮੁਹਾਰੇ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ ‘ਚ ਹੋਕੇ ਸੁਣਾਈ ਦੇਣ ਲੱਗੇ ਹਨ। ਦਲਿਤ ਭਾਈਚਾਰਾਂ ਵੀ ਇੰਨ੍ਹਾਂ ਸੰਘਰਸ਼ਸੀਲ ਕਿਸਾਨਾਂ ਦੀ ਪਿੱਠ ‘ਤੇ ਆ ਗਿਆ ਹੈ। ਕਿਸੇ ਪਿੰਡ ‘ਚ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿਚੋਂ ਨਰਮੇ ਦੀਆਂ ਛਟੀਆਂ ਪੁੱਟੀਆਂ ਜਾ ਰਹੀਆਂ ਹਨ ਤੇ ਕਿਸੇ ਕਿਸਾਨ ਦੇ ਖੇਤਾਂ ਵਿਚ ਕਣਕ ਬੀਜ਼ੀ ਜਾ ਰਹੀ ਹੈ। ਇਸੇ ਤਰ੍ਹਾਂ ਕਣਕਾਂ ਨੂੰ ਪਾਣੀ ਲਗਾਉਣ ਤੋਂ ਲੈ ਕੇ ਖਾਦ ਪਾਉਣ ਦਾ ਕੰਮ ਵੀ ਇੱਥੇ ਰਹਿ ਗਏ ਕਿਸਾਨਾਂ ਤੇ ਮਜਦੂਰਾਂ ਵਲੋਂ ਕੀਤਾ ਜਾ ਰਿਹਾ। ਪ੍ਰੰਤੂ ਇਸ ਕੰਮ ਬਦਲੇ ਇੱਕ ਪੈਸਾ ਵੀ ਨਹੀਂ ਲਿਆ ਜਾ ਰਿਹਾ। ਇਸਤੋਂ ਇਲਾਵਾ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਮਿਲਣ ਲੱਗਾ ਹੈ। ਦਿੱਲੀ ਬੈਠੇ ਜ਼ਿਲ੍ਹੇ ਦੇ ਪਿੰਡ ਮੋੜ ਖੁਰਦ ਦੇ ਕਿਸਾਨ ਮਨਦੀਪ ਸਿੰਘ ਦੇ ਘਰ ਲੱਗੇ ਰਾਜ ਮਿਸਤਰੀਆਂ ਲਈ ਹੁਣ ਆਪ ਮੁਹਾਰੇ ਬੰਦੇ ਆਉਣ ਲੱਗੇ ਹਨ। ਕਿਸਾਨ ਮਨਦੀਪ ਸਿੰਘ ਨੂੰ ਪਿੰਡੋਂ ਹਰ ਤਰ੍ਹਾਂ ਦੀ ਮੱਦਦ ਵਾਲੇ ਹੋਸਲੇ ਭਰੇ ਸੁਨੇਹੇ ਮਿਲਣ ਲੱਗੇ ਹਨ। ਦਿੱਲੀ ਬੈਠੇ ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਯੂਨੀਅਨ ਦੇ ਨਾਲ ਸੰਘਰਸ਼ ਦੇ ਮੋਰਚੇ ਉਪਰ ਹੈ ਪਰ ਬਾਅਦ ਵਿਚ ਪਿੰਡ ਦੇ ਲੋਕਾਂ ਨੇ ਉਸਦੇ ਖੇਤਾਂ ਵਿਚੋਂ ਖੁਦ ਹੀ ਨਰਮੇ ਦੀਆਂ ਛਟੀਆਂ ਪੁੱਟ ਕੇ ਕਣਕ ਦੀ ਬੀਜਾਈ ਕਰ ਦਿੱਤੀ ਹੈ। ਗੁਰਮੇਲ ਮੁਤਾਬਕ ਉਹ ਪਿੰਡ ਦੇ ਲੋਕਾਂ ਦੇ ਹੋਸਲੇ ਨਾਲ ਹੁਣ ਮੋਰਚਾ ਫ਼ਤਿਹ ਕਰਕੇ ਹੀ ਵਾਪਸ ਪਰਤੇਗਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ‘ਚ ਦਲਿਤ ਵਿਹੜੇ ਦੇ ਨੌਜਵਾਨਾਂ ਨੇ ਇਕੱਠ ਕਰਕੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਨੂੰ ਸਾਂਭਣ ਦਾ ਐਲਾਨ ਕੀਤਾ ਹੈ। ਜਿਸਦੀ ਹਰ ਪਾਸੇ ਸਲਾਘਾ ਹੋ ਰਹੀ ਹੈ।