ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਦੇ ਵਫ਼ਦ ਵਲੋਂ ਅੱਜ ਅਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਮੀਟਿੰਗ ਕੀਤੀ। ਵਫ਼ਦ ਵਿੱਚ ਸ਼ਾਮਲ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਜੀਤ ਕੌਰ ਲਚਕਾਣੀ, ਪਰਮਜੀਤ ਕੌਰ ਨਰਾਇਣਗੜ, ਸਿਮਰਜੀਤ ਕੌਰ ਅਜਨੌਦਾ ਨੇ ਦੱਸਿਆ ਕਿ ਭਾਵੇਂ ਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਵੱਡਾ ਭਰੋਸ਼ਾ ਦਿੱਤਾ ਗਿਆ ਹੈ ਕਿ ਮਿਡ ਡੇ ਮੀਲ ਕੁੱਕ ਦੀਆਂ ਮੰਗਾਂ ਨੂੰ ਸਰਕਾਰ ਗੰਭੀਰਤਾ ਨਾਲ ਹੱਲ ਕਰੇਗੀ। ਪ੍ਰੰਤੂ ਜਦੋਂ ਤੱਕ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਕੁੱਕ ਫਰੰਟ ਆਪਣਾ ਸੰਘਰਸ਼ ਜਾਰੀ ਰੱਖੇਗਾ। ਇਸ ਮੌਕੇ ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਵਿਚ ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ’ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਤੇ ਜਲਦੀ ਹੀ 3200 ਰੁਪਏ ਮਹੀਨਾ ਤਨਖਾਹ ਦਾ ਨੋਟੀਫਿਕੇਸਨ ਕੀਤਾ ਜਾਵੇਗਾ। ਉਨਾਂ ਅੱਗੇ ਇਹ ਵੀ ਮੰਗ ਕੀਤੀ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀ ਗਿਣਤੀ ਨੂੰ ਮਿਡ ਡੇ ਮੀਲ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਉਨਾਂ ਇਸ ਮੌਕੇ ਇਹ ਵੀ ਕਿਹਾ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤਾਂ ਅਧੀਨ ਲੈ ਕੇ ਛੁੱਟੀਆਂ ਤੈਅ ਕੀਤੀਆਂ ਜਾਣ। ਕੁੱਕ ਬੀਬੀਆਂ ਦਾ ਬੀਮਾਂ ਸਰਕਾਰ ਆਪਣੇ ਖ਼ਰਚ ’ਤੇ ਕਰਵਾਏ। ਜੋ ਬੀਬੀਆਂ ਬੀ ਏ ਤੱਕ ਦੀ ਪੜਾਈ ਕਰ ਚੁੱਕੀਆਂ ਹਨ, ਉਨਾਂ ਨੂੰ ਮਿਡ ਡੇ ਮੀਲ ਲਈ ਸਹਾਇਕ ਮੈਨੇਜਰ ਵਜੋਂ ਤਰੱਕੀ ਦਿੱਤੀ ਜਾਵੇੇ।
ਕੁੱਕ ਫਰੰਟ ਪੰਜਾਬ ਨੇ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕੀਤੀ ਮੀਟਿੰਗ
9 Views