ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 47 ਵਿਦਿਆਰਥੀਆਂ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਕਰਵਾਏ ਗਏ ਨੈਸ਼ਨਲ ਐਲੀਜੀਬਿਲਟੀ ਟੈਸਟ (ਯੂਜੀਸੀ-ਨੇਟ) ਪਰੀਖਿਆ ਨੂੰ ਪਾਸ ਕੀਤਾ ਹੈ। 5 ਨਵੰਬਰ 2022 ਨੂੰ ਐਨਟੀਏ ਦੁਆਰਾ ਐਲਾਨੇ ਦਸੰਬਰ 2021 ਅਤੇ ਜੂਨ 2022 ਦੀਆਂ ਪ੍ਰੀਖਿਆਵਾਂ ਦੇ ਵਿਲੀਨ ਚੱਕਰ ਦੇ ਨਤੀਜਿਆਂ ਵਿੱਚ ਯੂਨੀਵਰਸਿਟੀ ਦੇ 15 ਵੱਖ-ਵੱਖ ਵਿਭਾਗਾਂ ਦੇ 47 ਵਿਦਿਆਰਥੀਆਂ ਨੇ ਅਸਿਸਟੈਂਟ ਪ੍ਰੋਫੈਸਰਸ਼ਿਪ ਲਈ ਯੋਗਤਾ ਪ੍ਰਾਪਤ ਕੀਤੀ ਹੈ।ਕੁੱਲ 47 ਵਿਦਿਆਰਥੀਆਂ ਵਿੱਚੋਂ, 12 ਨੇ ਅਸਿਸਟੈਂਟ ਪ੍ਰੋਫੈਸਰਸ਼ਿਪ ਦੇ ਨਾਲ-ਨਾਲ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਲਈ ਯੋਗਤਾ ਵੀ ਪੂਰੀ ਕੀਤੀ ਹੈ।ਇਸ ਪਰੀਖਿਆ ਵਿੱਚ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚੋਂ ਸਭ ਤੋਂ ਵੱਧ 6 ਵਿਦਿਆਰਥੀ ਪਾਸ ਹੋਏ। ਇਸ ਤੋਂ ਬਾਅਦ ਕਾਨੂੰਨ ਵਿਭਾਗ ਅਤੇ ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ ਤੋਂ 5-5 ਵਿਦਿਆਰਥੀ ਪਾਸ ਹੋਏ। ਹੋਰ ਵਿਸ਼ਿਆਂ ਜਿਨ੍ਹਾਂ ਤੋਂ ਵਿਦਿਆਰਥੀ ਇਸ ਪਰੀਖਿਆ ਲਈ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਵਿੱਚ ਹਿੰਦੀ, ਪੰਜਾਬੀ, ਸਰੀਰਕ ਸਿੱਖਿਆ, ਅਪਲਾਈਡ ਐਗਰੀਕਲਚਰ, ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ, ਮਨੋਵਿਗਿਆਨ, ਵਿੱਤੀ ਪ੍ਰਸ਼ਾਸਨ, ਆਰਥਿਕ ਅਧਿਐਨ, ਪ੍ਰਫੋਰਮਿੰਗ ਅਤੇ ਲਲਿਤ ਕਲਾ, ਇਤਿਹਾਸ, ਭੂਗੋਲ ਅਤੇ ਸਮਾਜ ਸ਼ਾਸਤਰ ਸ਼ਾਮਲ ਹਨ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਯੂਜੀਸੀ- ਨੇਟ ਪਰੀਖਿਆਵਾਂ ਪਾਸ ਕੀਤੀਆਂ ਹਨ। ਉਨ੍ਹਾਂਨੇ ਜ਼ਿਕਰ ਕੀਤਾ ਕਿ ਇਹ ਸਫਲਤਾ ਹਾਲ ਹੀ ਵਿੱਚ ਲਾਗੂ ਕੀਤੇ ਗਏ ਨਵੀਨਤਾਕਾਰੀ ਸੁਧਾਰਾਂ ਦਾ ਨਤੀਜਾ ਹੈ, ਜਿਸ ਵਿੱਚ ਐਲਓਸੀਐਫ ਅਧਾਰਤ ਪਾਠਕ੍ਰਮ ਵਿਕਾਸ, ਵਿਦਿਆਰਥੀ ਕੇਂਦਰਿਤ ਸਿੱਖਿਆ ਅਤੇ ਇੱਕ ਨਵੀਨਤਾਕਾਰੀ ਅਧਿਆਪਨ-ਸਿਖਲਾਈ ਅਤੇ ਮੁਲਾਂਕਣ ਪ੍ਰਕਿਰਿਆ ਸ਼ਾਮਲ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
Share the post "ਕੇਂਦਰੀ ਯੂਨੀਵਰਸਿਟੀ ਦੇ 47 ਵਿਦਿਆਰਥੀਆਂ ਨੇ ਯੂਜੀਸੀ ਨੇਟ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ"