ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਅਗਸਤ: ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਮੰਨਿਆ ਜਾ ਰਿਹਾ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਬਠਿੰਡਾ ਜੇਲ੍ਹ ’ਚ ਬੰਦ ਅਪਣੇ ਸਾਥੀਆਂ ਪ੍ਰਤੀ ਕੀਤੀ ਸਖ਼ਤੀ ’ਤੇ ਇਤਰਾਜ਼ ਜਤਾਉਂਦਿਆਂ ਪੰਜਾਬ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਅੱਜ ਸੋਸਲਮੀਡੀਆ ’ਤੇ ਅਪਲੋਡ ਕੀਤੀ ਇੱਕ ਪੋਸਟ ’ਚ ਉਸਨੇ ਮੁੱਖ ਮੰਤਰੀ, ਜੇਲ੍ਹ ਮੰਤਰੀ ਤੇ ਡੀਜੀਪੀ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਸ ਵਲੋਂ ਪਾਈ ਪੋਸਟ ’ਚ ਸਪੱਸ਼ਟ ਦੋਸ਼ ਲਗਾਏ ਗਏ ਹਨ ਕਿ ‘ਬਠਿੰਡਾ ਜੇਲ੍ਹ ‘ਚ ਬੰਦ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਜੇਲ੍ਹ ਸੁਪਰਡੈਂਟ ਇੰਦਰਜੀਤ ਕਾਹਲੋਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਗੋਲਡੀ ਬਰਾੜ ਨੇ ਉਕਤ ਅਧਿਕਾਰੀ ’ਤੇ ਇਹ ਵੀ ਦੋਸ਼ ਲਗਾਏ ਹਨ ਕਿ ਅਜਿਹਾ ਕਥਿਤ ਤੌਰ ’ਤੇ ਪੈਸੇ ਲੈਣ ਲਈ ਕੀਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਸਹਿਤ ਡੀਜੀਪੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਨਾਲ ਹੀ ਇਹ ਵੀ ਲਿਖਿਆ ਹੈ ਕਿ ਜੇਕਰ ਵਿੱਕੀ ਮਿੱਡੂਖੇੜਾ ਤੇ ਸੰਦੀਪ ਨੰਗਲਅੰਬੀਆਂ ਦੇ ਕੇਸਾਂ ’ਚ ਇਨਸਾਫ਼ ਮਿਲ ਜਾਂਦਾ ਤਾਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋਣਾ ਸੀ। ਇਸਦੇ ਨਾਲ ਹੀ ਉਸਨੇ ਅਪਣੇ ਵਿਰੋਧੀ ਬੰਬੀਹਾ ਗਰੁੱਪ ਵਲੋਂ ਬਦਲਾ ਲੈਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ’ਤੇ ਪ੍ਰਤੀਕ੍ਰਮ ਦਿੰਦਿਆਂ ਲਿਖਿਆ ਹੈ ਕਿ ‘‘ਬਦਲਾ ਲੈਣ ਤੋਂ ਪਹਿਲਾਂ ਉਹ ਆਪਣੀ ਜਾਨ ਬਚਾ ਲੈਣ’’ਇਸ ਪੋਸਟ ਦੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਤੇ ਲਾਰੈਂਸ ਗਰੁੱਪ ਦਾ ਨਾਮ ਲਿਖਿਆ ਗਿਆ ਹੈ।
9 Views