ਟੀਚਿਆਂ ਦੇ ਉਲਟ ਨਰਮਾ ਪੱਟੀ ’ਚ ਫ਼ਸਲ ਦੀ ਬੀਜਾਂਦ ਕੀੜੀ ਚਾਲ, ਮੌਸਮ ਵੀ ਦਿਖਾ ਰਿਹਾ ਹੈ ਅਪਣਾ ਰੰਗ
ਬਠਿੰਡਾ ਤੇ ਮਾਨਸਾ ’ਚ ਟੀਚਾ 1 ਲੱਖ 40 ਹਜ਼ਾਰ ਹੈਕਟੇਅਰ, ਨਰਮੇ ਦੀ ਬੀਜਾਂਦ ਹੋਈ 7100 ਹੈਕਟੇਅਰ
ਸੁਖਜਿੰਦਰ ਮਾਨ
ਬਠਿੰਡਾ, 2 ਮਈ: ਸੂਬੇ ’ਚ ਧਰਤੀ ਹੇਠਲੇ ਘੱਟਦੇ ਪਾਣੀ ਤੇ ਹੋਰ ਅਲਾਮਤਾਂ ਨੂੰ ਦੇਖਦਿਆਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਖੇਤੀ ਵਿਭਿੰਨਤਾ ’ਤੇ ਜੋਰ ਦੇ ਰਹੀ ਪੰਜਾਬ ਸਰਕਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਦੇ ਮਨਾਂ ਵਿੱਚੋਂ ‘ਚਿੱਟੀ ਮੱਖੀ ਤੇ ਗੁਲਾਬੀ ਸੁੰਡੀ’ ਦਾ ਖੌਫ਼ ਕੱਢਣ ’ਚ ਸਫ਼ਲ ਹੁੰਦੀ ਜਾਪ ਨਹੀਂ ਰਹੀ। ਨਰਮੇ ਦੇ ਬੀਟੀ ਕਾਟਨ ਬੀਜ ਉਪਰ 33 ਫ਼ੀਸਦੀ ਸਬਸਿਡੀ ਅਤੇ ਨਹਿਰੀ ਪਾਣੀ ਦੀ ਲਗਾਤਾਰ ਪਹੁੰਚ ਦੇ ਬਾਵਜੂਦ ‘ਚਿੱਟੇ ਸੋਨੇ’ ਦੇ ਰਕਬੇ ਵਿਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੁੂਰ ਪੈਂਦਾ ਨਹੀਂ ਦਿਖ਼ਾਈ ਦੇ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਲਗਾਤਾਰ ਨਰਮੇ ਦੀ ਫ਼ਸਲ ਬਿਲਕੁੱਲ ਖ਼ਤਮ ਹੋਣ ਕਾਰਨ ਕਿਸਾਨ ਹੁਣ ਇਸ ਪਾਸੇ ਮੁੜਦੇ ਦਿਖਾਈ ਨਹੀਂ ਦੇ ਰਹੇ ਹਨ। ਇਸਤੋਂ ਇਲਾਵਾ ਮੌਸਮ ਕਾਰਨ ਵੀ ਫ਼ਸਲ ‘ਕਰੰਡ’ ਹੋਣ ਦੇ ਡਰੋਂ ਕਿਸਾਨ ਨਰਮੇ ਦੀ ਬੀਜਾਂਦ ਵਿਚ ਦੇਰੀ ਨੂੰ ਤਰਜੀਹ ਦੇ ਰਹੇ ਹਨ। ਖੇਤੀਬਾੜੀ ਯੂਨੀਵਰਸਿਟੀ ਤੇ ਵਿਭਾਗੀ ਮਾਹਰਾਂ ਵਲੋਂ 15 ਅਪ੍ਰੈਲ ਤੋਂ 15 ਮਈ ਤੱਕ ਨਰਮੇ ਦੀ ਬੀਜਾਂਦ ਨੂੰ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ। ਪ੍ਰੰਤੂ ਪੰਜਾਬ ਦੇ ਦੱਖਣੀ ਮਾਲਵਾ ਖੇਤਰ ਵਿਚ ਨਰਮੇਂ ਦੀ ਕੀੜੀ ਚਾਲ ਚੱਲ ਰਹੀ ਬੀਜਾਂਦ ਨੇ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਸਰਕਾਰ ਨੂੰ ਵੀ ਚਿੰਤਾ ਵਿਚ ਪਾਇਆ ਹੋਇਆ ਹੈ। ਜੇਕਰ ਕਿਸੇ ਸਮੇਂ ਨਰਮਾ ਪੱਟੀ ਦਾ ਘਰ ਕਹੇ ਜਾਂਦੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਚਾਲੂ ਸੀਜ਼ਨ ’ਚ ਸਰਕਾਰ ਨੇ ਇੱਥੇ 1 ਲੱਖ 40 ਹਜ਼ਾਰ 200 ਹੈਕਟੇਅਰ ਰਕਬੇ ਵਿਚ ਨਰਮੇ ਦੀ ਫ਼ਸਲ ਬੀਜਣ ਦਾ ਟੀਚਾ ਮਿਥਿਆ ਹੋਇਆ ਹੈ ਪ੍ਰੰਤੂ ਹੁਣ ਤੱਕ ਦੋਨਾਂ ਜ਼ਿਲ੍ਹਿਆਂ ਵਿਚ ਸਿਰਫ਼ 7174 ਹੈਕਟੇਅਰ ਕਰਬੇ ਵਿਚ ਹੀ ਨਰਮਾ ਬੀਜਿਆ ਗਿਆ ਹੈ। ਜਦੋਂਕਿ ਕਿਸੇ ਸਮੇਂ ਇੰਨ੍ਹਾਂ ਦੋਨਾਂ ਜ਼ਿਲ੍ਹਿਆਂ ਵਿਚ ਨਰਮੇ ਦੀ ਫ਼ਸਲ ਹਰ ਪਾਸੇ ਲਹਿਲਾਉਂਦੀ ਨਜਰ ਆਉਂਦੀ ਰਹੀਂ ਹੈ। ਖੇਤੀਬਾੜੀ ਮਾਹਰਾਂ ਨੇ ਵੀ ਮੰਨਿਆ ਹੈ ਕਿ ਹੁਣ ਬਠਿੰਡਾ ਪੱਟੀ ਤੋਂ ਨਰਮਾ ਪੱਟੀ ਦਾ ‘ਰੁਤਬਾ’ ਖੁੱਸ ਕੇ ਅਬੋਹਰ ਤੇ ਫ਼ਾਜਲਿਕਾ ਵਾਲੇ ਪਾਸੇ ਚਲਾ ਗਿਆ ਹੈ। ਪਿਛਲੇ ਸਾਲ ਬਠਿੰਡਾ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੇ ਅਪਣੇ ਅੰਕੜਿਆਂ ਮੁਤਾਬਕ 62 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਸੀ ਤੇ ਇਸ ਸਾਲ ਇਹ ਟੀਚਾ ਵਧਾ ਕੇ 80 ਹਜ਼ਾਰ 200 ਹੈਕਟੇਅਰ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜਨ ਵਿਚ 60 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਪੱਬਾਂ ਭਾਰ ਹੋਇਆ ਹੈ। ਬਠਿੰਡਾ ਜ਼ਿਲ੍ਹੇ ’ਚ ਬਠਿੰਡਾ, ਸੰਗਤ, ਤਲਵੰਡੀ ਸਾਬੋ ਅਤੇ ਮੋੜ ਬਲਾਕ ਨੂੰ ਨਰਮਾ ਬੈਲਟ ਵਜੋਂ ਜਾਣਿਆਂ ਜਾਂਦਾ ਹੈ ਜਦੋਂਕਿ ਮਾਨਸਾ ਵਿਚ ਸਰਦੂਲਗੜ੍ਹ, ਝੁਨੀਰ ਤੇ ਬੁਢਲਾਡਾ ਵਿਚ ਨਰਮੇ ਦੀ ਖੇਤੀ ਕਿਸੇ ਸਮੇਂ ਕਿਸਾਨਾਂ ਦੀ ਪਹਿਲੀ ਪਸੰਦ ਰਹੀ ਹੈ। ਸੂਚਨਾ ਮੁਤਾਬਕ ਹੁਣ ਤੱਕ ਇਸ ਜ਼ਿਲ੍ਹੇ ਦੇ ਬੁਢਲਾਡਾ ਬਲਾਕ ’ਚ 14500 ਹੈਕਟੇਅਰ ਦੇ ਮੁਕਾਬਲੇ ਸਿਰਫ਼ 185 ਹੈਕਟੇਅਰ, ਝੁਨੀਰ ਬਲਾਕ ’ਚ ਰੱਖੇ 16 ਹਜ਼ਾਰ ਹੈਕਟੇਅਰ ਦੇ ਟੀਚੇ ਮੁਕਾਬਲੇ ਸਿਰਫ਼ 1152 ਹੈਕਟੇਅਰ ਅਤੇ ਸਰਦੂਲਗੜ੍ਹ ’ਚ 14 ਹਜ਼ਾਰ ਦੇ ਮੁਕਾਬਲੇ 1646 ਹੈਕਟੇਅਰ ਰਕਬੇ ਵਿਚ ਹੁਣ ਤੱਕ ਨਰਮੇ ਦੀ ਬੀਜਾਂਦ ਹੋ ਸਕੀ ਹੈ। ਇਸੇ ਤਰ੍ਹਾਂ ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਬਲਾਕ ਵਿਚ ਸਭ ਤੋਂ ਵੱਧ 27700 ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਦਾ ਟੀਚਾ ਹੈ ਪ੍ਰੰਤੂ ਇੱਥੇ ਹੁਣ ਤੱਕ ਸਿਰਫ਼ 1460 ਹੈਕਟੇਅਰ, ਸੰਗਤ ਬਲਾਕ ’ਚ 21400 ਹੈਕਟੇਅਰ ਦੇ ਮੁਕਾਬਲੇ ਸਿਰਫ਼ 316 ਹੈਕਟੇਅਰ ਅਤੇ ਬਠਿੰਡਾ ਬਲਾਕ ’ਚ 14800 ਦੇ ਮੁਕਾਬਲੇ 906 ਹੈਕਟੇਅਰ ਰਕਬੇ ਵਿਚ ਬੀਜਾਈ ਹੋਈ ਹੈ।
ਬਾਕਸ
ਨਰਮੇ ਦੀ ਫ਼ਸਲ ਬੀਜਣ ਤੋਂ ਮੋਹ ਭੰਗ ਹੋਣ ਦੇ ਮੁੱਖ ਕਾਰਨ
ਬਠਿੰਡਾ: ਹਾਲਾਂਕਿ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੇ ਰਾਹੀਂ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਮੁੜ ਪੁਰਾਤਨ ਫ਼ਸਲ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸਦੇ ਲਈ ਪਹਿਲੀ ਵਾਰ ਨਰਮੇ ਦੇ ਬੀਜ਼ ਉਪਰ ਸਬਸਿਡੀ ਦੇਣ ਦੇ ਨਾਲ-ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ ਪ੍ਰੰਤੂ ਕਿਸਾਨਾਂ ਤੇ ਖੇਤੀ ਮਾਹਰਾਂ ਮੁਤਾਬਕ ਸਾਲ 1991-92 ’ਚ ਅਮਰੀਕਨ ਸੁੰਡੀ ਦਾ ਸਭ ਤੋਂ ਪਹਿਲਾਂ ਹਮਲਾ ਹੋਇਆ ਤੇ ਉਸਤੋਂ ਬਾਅਦ ਜਦ ਬੀਟੀ ਕਾਟਨ ਆਇਆ ਤਾਂ ਅਮਰੀਕਨ ਸੁੰਡੀ ’ਤੇ ਕੰਟਰੋਲ ਹੋਇਆ ਪਰ ਤੁਬਾਕੂ ਸੁੰਡੀ ਦਾ ਕਹਿਰ ਵਰਤਣਾ ਸ਼ੁਰੂ ਹੋਇਆ। ਇਸਤੋਂ ਇਲਾਵਾ ਮਿੱਲੀ ਬੱਗ ਨੇ ਵੀ ਇਸ ਫ਼ਸਲ ਨੂੰ ਤਬਾਹ ਕਰਨ ਵਿਚ ਅਪਣਾ ਵੱਡਾ ਯੋਗਦਾਨ ਪਾਇਆ। ਮੁੜ 2015 ਵਿਚ ਚਿੱਟੀ ਮੱਖੀ ਦੇ ਕਹਿਰ ਕਾਰਨ ਕਿਸਾਨਾਂ ਦਾ ਬੁਰੀ ਤਰ੍ਹਾਂ ਲੱਕ ਤੋੜ ਦਿੱਤਾ ਸੀ। ਹਾਲਾਂਕਿ ਉਸਤੋਂ ਬਾਅਦ ਖੇਤੀ ਮਾਹਰਾਂ ਨੇ ਇਸ ਉਪਰ ਕਾਬੂ ਪਾਇਆ ਪਰ 2021 ਵਿਚ ਗੁਲਾਬੀ ਸੁੰਡੀ ਤੇ 2022 ਵਿਚ ਚਿੱਟੀ ਮੱਖੀ ਦੇ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ, ਜਿਸ ਕਾਰਨ ਹੁਣ ਖੇਤੀ ਮਾਹਰਾਂ ਦੇ ਭਰੋਸਿਆਂ ਉਪਰ ਕਿਸਾਨ ਵਿਸਵਾਸ ਕਰਨ ਤੋਂ ਕੰਨੀ ਕਤਰਾ ਰਹੇ ਹਨ। ਜਿਸਦੇ ਚੱਲਦੇ ਹੁਣ ਕਿਸਾਨ ਸਿਰਫ਼ ਉਸੇ ਜਮੀਨ ਵਿਚ ਨਰਮਾ ਬੀਜਣ ਨੂੰ ਤਰਜੀਹ ਦੇ ਰਹੇ ਹਨ, ਜਿੱਥੇ ਝੋਨਾ ਜਾਂ ਕੋਈ ਹੋਰ ਫ਼ਸਲ ਨਹੀਂ ਹੋ ਸਕਦੀ ਹੈ।
ਬਾਕਸ
ਚਾਲੂ ਸੀਜ਼ਨ ’ਚ ਕਿਸਾਨਾਂ ਨੇ ਗੁਜਰਾਤੀ ਬੀਟੀ ਕਾਟਨ ਤੋਂ ਪਾਸਾ ਵੱਟਿਆਂ
ਬਠਿੰਡਾ: ਉਂਜ ਇਸ ਵਾਰ ਇਹ ਵੱਡੀ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਦਹਾਕਿਆਂ ਤੋਂ ਗੁਜਰਾਤ ਦੇ ਬੀਟੀ ਕਾਟਨ ਦੇ ਮੋਹ ਵਿਚ ‘ਭਿੱਜੇ’ ਕਿਸਾਨਾਂ ਨੇ ਐਤਕੀ ਇਸ ਪਾਸਿਓ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ 5ਜੀ ਦੇ ਨਾਂ ’ਤੇ ਵੱਡੀ ਪੱਧਰ ਉਪਰ ਗੁਜਰਾਤ ਤੋਂ ਦਲਾਲਾਂ ਵਲੋਂ ਬੀਟੀ ਕਾਟਨ ਪੰਜਾਬ ਦੇ ਕਿਸਾਨਾਂ ਨੂੰ ਵੇਚਿਆ ਗਿਆ ਸੀ ਪ੍ਰੰਤੂ ਗੁਜਰਾਤੀ ਬੀਟੀ ਕਾਟਨ ਵਾਲੇ ਬੀਜ਼ ਦੇ ਨਤੀਜ਼ੇ ਕਿਸਾਨਾਂ ਦੀ ਉਮੀਦ ਤੋਂ ਕਿਤੇ ਉਲਟ ਰਹੇ ਹਨ। ਕਿਸਾਨਾਂ ਨੇ ਖੁਦ ਮੰਨਿਆ ਹੈ ਕਿ ਨਾਂ ਤਾਂ ਗੁਜਰਾਤੀ ਬੀਜ ਨਾਲ ਬੀਜੇ ਨਰਮੇ ਦੇ ਪੌਦੇ ਦਾ ਕੱਦ ਵਧਿਆ ਅਤੇ ਨਾ ਹੀ ਉਸਦਾ ਝਾੜ ਨਿਕਲਿਆ, ਜਿਸ ਕਾਰਨ ਇਸ ਸੀਜ਼ਨ ਵਿਚ ਕਿਸਾਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫ਼ਾਰਿਸ ਕੀਤੀਆਂ ਕਿਸਮਾਂ ਦਾ ਬੀਜ਼ ਹੀ ਖਰੀਦਿਆਂ ਜਾ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਰਮੇ ਦੀ ਖੇਤੀ ਵੱਲ ਉਤਸਾਹਤ ਕਰਨ ਲਈ ਪੀਏਯੂ ਤੋਂ ਮਾਨਤਾ ਪ੍ਰਾਪਤ ਕਿਸਮਾਂ ਦੀ ਖਰੀਦ ਕੀਮਤ ਉਪਰ 33 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਹਾਲਾਂਕਿ ਇਹ ਕਿਸਾਨ ਨੂੰ ਸਿਰਫ਼ ਪੰਜ ਏਕੜ ਤੱਕ ਹੀ ਮਿਲਣਯੋਗ ਹੈ।
ਬਾਕਸ
ਮੌਸਮ ਦੀ ਮਾਰ ਨਰਮੇ ਦੀ ਬੀਜਾਂਦ ’ਤੇ ਪਾ ਰਹੀ ਹੈ ਅਸਰ: ਡਾਇਰੈਕਟਰ ਖੇਤੀਬਾੜੀ
ਬਠਿੰਡਾ: ਉਧਰ ਜਦ ਇਸ ਮਾਮਲੇ ’ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆਂ ਕਿ ਨਰਮੇ ਦੀ ਬੀਜਾਂਦ ਹੋਲੀ ਹੋਣ ਦਾ ਇੱਕ ਮੁੱਖ ਵੱਡਾ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਮੌਸਮ ਵਿਚ ਆਈਆਂ ਤਬਦੀਲੀਆਂ ਵੀ ਹਨ, ਕਿਉਂਕਿ ਕਣਕਾਂ ਦੀ ਵਢਾਈ ਦੇ ਬਾਅਦ ਵੀ ਕਈ ਵਾਰ ਬੇਮੌਸਮੀ ਮੀਂਹ ਪੈ ਚੁੱਕਾ ਹੈ ਤੇ ਹੁਣ ਮੁੜ ਆਉਣ ਵਾਲੇ ਕੁੱਝ ਦਿਨਾਂ ਤੱਕ ਮੌਸਮ ਵਿਭਾਗ ਨੇ ਮੀਂਹ ਦੀ ਚੇਤਾਵਨੀ ਦਿੱਤੀ ਹੈ। ਜਿਸ ਕਾਰਨ ਕਿਸਾਨ ਨਰਮੇ ਦੀ ਫ਼ਸਲ ਕਰੰਡ ਹੋਣ ਤੋਂ ਬਚਾਉਣ ਲਈ ਬੀਜਾਈ ਵਿਚ ਦੇਰੀ ਕਰ ਰਹੇ ਹਨ। ਖੇਤੀਬਾੜੀ ਡਾਇਰੈਕਟਰ ਨੇ ਦਸਿਆ ਕਿ ਇਸ ਵਾਰ ਜਿੱਥੇ ਸਰਕਾਰ ਵਲੋਂ ਨਰਮੇ ਦੇ ਬੀਜ ਵਿਚ 33 ਫ਼ੀਸਦੀ ਸਬਸਿਡੀ ਦੇਣ ਨਾਲ ਕਿਸਾਨਾਂ ਵਿਚ ਉਤਸਾਹ ਹੈ, ਊਥੇ ਪਹਿਲੀ ਵਾਰ ਨਹਿਰੀ ਵਿਭਾਗ ਦੇ ਅਧਿਕਾਰੀ ਖੇਤੀਬਾੜੀ ਮਹਿਕਮੇ ਦੇ ਮੋਢੇ ਨਾਲ ਮੋਢਾ ਜੋੜ ਕੇ ਡਟੇ ਹੋਏ ਹਨ ਤੇ ਟੇਲਾਂ ਤੱਕ ਪਾਣੀ ਪੁੱਜ ਰਿਹਾ ਹੈ। ਉਨ੍ਹਾਂ ਉਮੀਦ ਜਾਹਰ ਕੀਤੀ ਕਿ ਹਾਲੇ ਡੇਢ-ਦੋ ਹਫ਼ਤਿਆਂ ਦਾ ਸਮਾਂ ਨਰਮੇ ਦੀ ਬੀਜਾਈ ਲਈ ਸਾਜ਼ਗਾਰ ਹੈ ਤੇ ਇਸ ਸਮੇਂ ਦੌਰਾਨ ਰੱਖੇ ਟੀਚੇ ਮੁਤਾਬਕ ਨਰਮੇ ਦੀ ਫ਼ਸਲ ਬੀਜੀ ਜਾਵੇਗੀ।
ਬਾਕਸ
ਸਰਕਾਰ ਕਿਸਾਨਾਂ ਨੂੰ ਧਰਵਾਸਾ ਦੇਣ ’ਚ ਰਹੀ ਅਸਫ਼ਲ: ਕਿਸਾਨ ਆਗੂ
ਬਠਿੰਡਾ: ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਸਾਨਾਂ ਵਲੋਂ ਨਰਮੇ ਦੀ ਫ਼ਸਲ ਤੋਂ ਮੂੰਹ ਮੋੜਣ ਲਈ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਕਿਹਾ ਕਿ ਪਹਿਲਾਂ ਮੁੱਖ ਕਾਰਨ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਨਰਮੇ ਦੀ ਫ਼ਸਲ ਦਾ ਬਿਲਕੁੱਲ ਖਤਮ ਹੋਣਾ ਹੈ। ਇਸਤੋਂ ਇਲਾਵਾ ਹੁਣ ਤੱਕ ਇਸ ਫ਼ਸਲ ਨੂੰ ਪਈਆਂ ਬੀਮਾਰੀਆਂ ’ਤੇ ਕਾਬੂ ਪਾਉਣ ਬਾਰੇ ਵੀ ਸਰਕਾਰ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਇਸੇ ਤਰ੍ਹਾਂ ਕਿਸਾਨਾਂ ਨੂੰ ਨਰਮੇ ਦੇ ਖਰਾਬੇ ਵਜੋਂ ਸਰਕਾਰ ਵਲੋਂ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਕਿਸਾਨ ਕਣਕ ਤੇ ਝੋਨੇ ਦੇ ਚੱਕਰ ਵਿਚੋਂ ਨਿਕਲਣ ਦੇ ਹਾਮੀ ਕਿਸਾਨ ਮਜਬੂਰੀ ਵੱਸ ਇਸ ਪਾਸੇ ਵੱਲ ਜਾ ਰਹੇ ਹਨ।
Share the post "ਚਿੱਟੇ ਸੋਨੇ ਦੀ ਬੀਜਾਂਦ: ਸਰਕਾਰ ਕਿਸਾਨਾਂ ਦੇ ਮਨਾਂ ’ਚੋਂ ‘ਚਿੱਟੀ ਮੱਖੀ ਤੇ ਗੁਲਾਬੀ ਸੁੰਡੀ’ ਦਾ ਖੌਫ਼ ਕੱਢਣ ’ਚ ਨਹੀਂ ਹੋ ਸਕੀ ਸਫ਼ਲ"