ਸੁਖਜਿੰਦਰ ਮਾਨ
ਬਠਿੰਡਾ, 9 ਮਈ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ‘ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਵਲੋਂ 11 ਮਈ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰਨਾਂ ਮੁੱਦਿਆਂ ’ਤੇ ਸੱਦੀ ਪੰਥਕ ਇਕੱਤਰਤਾ ਨੂੰ ਬਾਦਲ ਪ੍ਰਵਾਰ ਦਾ ਏਜੰਡਾ ਕਰਾਰ ਦਿੰਦਿਆਂ ਪੰਥਕ ਆਗੂਆਂ ਨੇ ਪੰਥ ਹਿਤੈਸ਼ੀਆਂ ਨੂੰ ਨਾ ਜਾਣ ਦਾ ਸੱਦਾ ਦਿੱਤਾ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਕੀਤੀ ਇੱਕ ਪ੍ਰੈਸ ਵਾਰਤਾ ਦੌਰਾਨ ਯੂਨਾਈਟਿਡ ਅਕਾਲੀ ਦਲ,ਲੋਕ ਅਧਿਕਾਰ ਲਹਿਰ, ਕਿਰਤੀ ਅਕਾਲੀ ਦਲ, ਸੁਤੰਤਰ ਅਕਾਲੀ ਦਲ ਦੇ ਆਗੂਆਂ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ, ਬੂਟਾ ਸਿੰਘ ਰਣਸੀਹ ਅਤੇ ਪਰਮਜੀਤ ਸਿੰਘ ਸਹੌਲ਼ੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਲੋੜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਪੰਥ ਧ੍ਰੋਹੀਆਂ, ਭਿ੍ਰਸ਼ਟ ਟੋਲਿਆਂ ਅਤੇ ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਮੁਕਤ ਕਰਾਉਣ ਦੀ ਹੈ।ਇਹ ਦੋਵੇਂ ਸੰਸਥਾਵਾਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਹਨ ਅਤੇ ਅਸੀਂ ਸਾਰੇ ਇਸਦੇ ਸਤਿਕਾਰ ਲਈ ਵਚਨਬੱਧ ਹਾਂ।ਪਰੰਤੂ ਇਨਾਂ ਸੰਸਥਾਵਾਂ ਦੇ ਮੁਖੀਆਂ ਨੇ ਪੰਥ ਅਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੇ ਬਾਦਲ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਬਣਕੇ ਕੰਮ ਕੀਤਾ ਹੈ। ਇੰਨ੍ਹਾਂ ਆਗੂਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਪੰਥ ਨੂੰ ਦੱਸਣ ਕਿ ਬਲਾਤਕਾਰੀ ਸਾਧ ਨੂੰ ਕਿਸ ਨੇ ਮੁਆਫ਼ੀ ਦਿੱਤੀ ਅਤੇ ਉਸਦੀ ਹਮਾਇਤ ਕੀਤੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਬਾਦਲ ਪਰਿਵਾਰ ਨੇ ਹਮਾਇਤ ਕਿਉਂ ਕੀਤੀ।ਬਹਿਬਲ ਅਤੇ ਕੋਟਕਪੂਰਾ ਵਿੱਚ ਸਾਂਤਮਈ ਧਰਨੇ ਤੇ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ।ਬੰਦੀਆਂ ਦੀਆਂ ਰਿਹਾਈਆਂ ਬਾਦਲ ਪਰਿਵਾਰ ਨੇ ਕਿਉਂ ਨਹੀਂ ਕੀਤੀਆਂ।ਬੰਦੀਆਂ ਦੀਆਂ ਰਿਹਾਈਆਂ ਲਈ ਭੁੱਖ ਹੜਤਾਲ ਤੇ ਬੈਠੇ ਜਥੇਦਾਰ ਸੂਰਤ ਸਿੰਘ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ। ਭਾਈ ਗੁਰਬਖਸ਼ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸਦਾ ਵਰਤ ਬਾਦਲ ਪਰਿਵਾਰ ਦੇ ਕਹਿਣ ਤੇ ਤੁੜਵਾਇਆ ਅਤੇ ਬਾਅਦ ਵਿੱਚ ਸ.ਗੁਰਬਖਸ਼ ਸਿੰਘ ਨੂੰ ਸ਼ਹੀਦੀ ਦੇਣੀ ਪਈ।ਨਸਿਆਂ ਅਤੇ ਭਿ੍ਰਸ਼ਟਾਚਾਰ ਦੇ ਮਾਮਲੇ ਵੱਖਰੇ ਹਨ।ਉਨਾਂ ਜਥੇਦਾਰ ਨੂੰ ਬੇਨਤੀ ਕੀਤੀ ਕਿ ਉਹ ਅਕਾਲੀ ਫੂਲਾ ਸਿੰਘ ਤੋਂ ਪ੍ਰੇਰਨਾ ਲੈਣ ਅਤੇ ਪੰਥ ਦੇ ਦੋਖੀ ਬਾਦਲ ਪਰਿਵਾਰ, ਉਸਦੇ ਰਿਸ਼ਤੇਦਾਰਾ ਦਾ ਟੋਲਾ ਅਤੇ ਇਸ ਗਰੋਹ ਦੇ ਪੰਜ ਸੱਤ ਮੁਖੀਆਂ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਦਾ ਹੁਕਮ ਜਾਰੀ ਕਰਨ ਲਈ ਪੰਥ ਨੂੰ ਇਕੱਠਾ ਕਰਨ। ਜੇਕਰ ਜਥੇਦਾਰ ਹਰਪ੍ਰੀਤ ਸਿੰਘ ਉਪਰੋਕਤ ਸਵਾਲਾਂ ਨੂੰ ਅਣਗੋਲਿਆਂ ਕਰਨਗੇ ਤਾਂ ਉਹ ਗੁਰੂ ਅੱਗੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸ਼ਕਤੀ ਅੱਗੇ ਜੁਆਬਦੇਹ ਹੋਣਗੇ।ਇਨਾਂ ਆਗੂਆਂ ਨੇ ਉਪਰੋਕਤ ਮੁਦਿਆਂ ਤੇ ਸਾਰੀਆਂ ਪੰਥਕ ਧਿਰਾਂ, ਪੰਜਾਬ ਦੇ ਚੰਗੇ ਵਿਚਾਰਾਂ ਵਾਲੇ ਹਿੰਦੂਆਂ, ਦਲਿਤ ਜਥੇਬੰਦੀਆਂ ਨੂੰ ਨਿਮਰਤਾ ਨਾਲ ਘਰ- 2 ਜਾਕੇ ਇਕੱਠੇ ਕਰਨ ਦਾ ਯਤਨ ਕਰ ਰਹੇ ਹਨ ਅਤੇ ਕਾਫੀ ਸਫਲਤਾ ਮਿਲ ਰਹੀ ਹੈ। ਉਨਾਂ ਕਿਹਾ ਪੰਜਾਬ ਦੇ ਮਸਲਿਆਂ ਅਤੇ ਰਿਹਾਈਆਂ, ਬੇ-ਅਦਬੀ ,ਗੋਲ਼ੀ ਕਾਂਡ ਦੇ ਦੋਸ਼ੀਆਂ ਦੀਆਂ ਸਜ਼ਾਵਾਂ ਦਿਵਾਉਣ ਲਈ 5 ਜੂਨ ਨੂੰ ਦਰਬਾਰ ਸਾਹਿਬ ਦੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੀ ਦਿੱਤੀ ਜਾਵੇਗੀ ਅਤੇ ਇੱਕ ਵੱਡਾ ਇਕੱਠ ਕਰਕੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਗਲੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।ਪ੍ਰੈਸ ਕਾਨਫਰੰਸ ਰੁਪਿੰਦਰ ਸਿੰਘ ਤਲਵੰਡੀ, ਸੁਖਜੀਤ ਸਿੰਘ ਡਾਲਾ, ਰਮਨਦੀਪ ਸਿੰਘ ਰਮੀਤਾ,ਮੇਜਰ ਸਿੰਘ ਮਲੂਕਾ ਆਦਿ ਹਾਜਰ ਸਨ।
Share the post "ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਾਦਲ ਪ੍ਰਵਾਰ ਦਾ ਏਜੰਡਾ ਲਾਗੂ ਕਰਨ ਦੀ ਫ਼ਿਰਾਕ ’ਚ: ਪੰਥਕ ਆਗੂ"