ਜੁਗਾੜੂ ਵਾਹਨਾਂ ਨੂੰ ਬੰਦ ਕਰਵਾਉਣ ਲਈ ਬਣਾਈ ਸੂਬਾ ਪੱਧਰੀ ਜਥੇਬੰਦੀ
ਸੁਖਜਿੰਦਰ ਮਾਨ
ਬਠਿੰਡਾ, 25 ਜੂਨ: ਪਿਛਲੇ ਲੰਮੇ ਸਮੇਂ ਤੋਂ ਪੰਜਾਬ ’ਚ ਮੋਟਰਸਾਈਕਲ ਤੇ ਹੋਰ ਦੁਪਹਿਆ ਵਾਹਨਾਂ ਨੂੰ ਕੱਟ ਕੇ ਬਣਾਏ ਜੁਗਾੜੂ ਵਾਹਨਾਂ ਨੂੰ ਬੰਦ ਕਰਵਾਉਣ ਲਈ ਛੋਟਾ ਹਾਥੀ ਤੇ ਪਿੱਕਅੱਪ ਗੱਡੀਆਂ ਦੇ ਮਾਲਕਾਂ ਨੇ ਇਕਜੁਟ ਹੁੰਦਿਆਂ ਪੰਜਾਬ ਸਰਕਾਰ ਵਿਰੁਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਅੱਜ ਸੂਬੇ ਪੱਧਰ ਤੋਂ ਬਠਿੰਡਾ ਵਿਚ ਇਕੱਠੇ ਹੋਏ ਛੋਟੇ ਵਪਾਰਕ ਵਾਹਨਾਂ ਦੇ ਮਾਲਕਾਂ ਨੇ ਅਪਣੀ ਅਵਾਜ਼ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਉਠਾਉਣ ਲਈ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟਰ ਯੂਨੀਅਨ ਪੰਜਾਬ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ। ਇਸ ਜਥੇਬੰਦੀ ਦੇ ਪ੍ਰਧਾਨ ਬਲਜੀਤ ਸਿੰਘ, ਬਠਿੰਡਾ ਦੇ ਜਿਲ੍ਹਾ ਪ੍ਰਧਾਨ ਭਜਨ ਸਿੰਘ, ਬੁਢਲਾਡਾ ਦੇ ਨਰਿੰਦਰ ਸਿੰਘ, ਫ਼ਾਜਲਿਕਾ ਦੇ ਜਗਰਾਜ ਸਿੰਘ ਆਦਿ ਨੇ ਸਥਾਨਕ ਪ੍ਰੈਸ ਕਲੱਬ ’ਚ ਸੰਬੋਧਨ ਕਰਦਿਆਂ ਸੂਬੇ ਦੀ ਆਪ ਸਰਕਾਰ ਨੂੰ 30 ਜੂਨ ਤੱਕ ਅਲਟੀਮੇਟਮ ਦਿੰਦਿਆਂ ਇੰਨ੍ਹਾਂ ਜੁਗਾੜੂ ਵਾਹਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਸੰਬੋਧਨ ਕਰਦਿਆਂ ਇਹ ਕਿਹਾ ਕਿ ਪੰਜਾਬ ਅੰਦਰ ਜੁਗਾੜੂ ਵਾਹਨ ਰਿਕਸ਼ਾ ਰੇਹੜੀ ਅਤੇ ਪੀਟਰ ਰੇਹੜੇ ਚੱਲ ਰਹੇ ਹਨ ਜੋ ਸੜਕਾਂ ਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਨੂੰ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿੰਨ੍ਹਾਂ ਨੂੰ ਲਾਗੂ ਕਰਨ ਲਈ ਪੰਜਾਬ ਪੁਲਿਸ ਨੇ ਮੁਹਿੰਮ ਵੀ ਵਿੱਢੀ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਇਹ ਮੁਹਿੰਮ ਬੰਦ ਕਰ ਦਿੱਤੀ ਗਈ ਹੈ, ਜਿਸਦੇ ਚੱਲਦੇ ਇਹ ਰਿਕਸ਼ਾ ਰੇਹੜੀ ਚਾਲਕ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਸ਼ਰ੍ਹੇਆਮ ਸੜਕਾਂ ’ਤੇ ਘੁੰਮ ਰਹੇ ਹਨ। ਇੰਨਾਂ ਆਗੂਆਂ ਨੇ ਕਿਹਾ ਕਿ ਉਹ ਕਰਜ਼ ਚੁੱਕ ਕੇ ਵਪਾਰਕ ਵਾਹਨ ਲੈਂਦੇ ਹਨ, ਜਿੰਨ੍ਹਾਂ ਦਾ ਹਰ ਤਿਮਾਹੀ ਟੈਕਸ ਭਰਨ ਤੋਂ ਇਲਾਵਾ ਪ੍ਰਦੂਸਣ ਸਰਟੀਫਿਕੇਟ ਤੇ ਬੀਮਾ ਆਦਿ ਵੀ ਕਰਵਾਉਂਦੇ ਹਨ ਪ੍ਰੰਤੂ ਇਹ ਜੁਗਾੜੂ ਵਾਹਨਾਂ ਤੋਂ ਪੰਜਾਬ ਸਰਕਾਰ ਨੂੰ ਇੱਕ ਰੁਪਏ ਦਾ ਟੈਕਸ ਵੀ ਨਹੀਂ ਆਉਂਦਾ ਹੈ। ਇਸ ਮੌਕੇ ਦਰਸ਼ਨ ਸਿੰਘ ਸੂਬਾ ਮੀਤ ਪ੍ਰਧਾਨ ਤੇ ਨਿਰਮਲ ਸਿੰਘ ਜਨਰਲ ਸਕੱਤਰ ਆਦਿ ਮੌਜੂਦ ਸਨ।
ਜੁਗਾੜੂ ਰੇਹੜੀ ਚਾਲਕਾਂ ਦੇ ਵਿਰੁਧ ਇਕਜੁਟ ਹੋਈ ਛੋਟੇ ਹਾਥੀ ਤੇ ਪਿੱਕਅੱਪ ਡਾਲਾ ਯੂਨੀਅਨ
12 Views