ਕਿਹਾ ਕਾਂਗਰਸੀ ਪਾਰਟੀ ਨਾਲ ਸਬੰਧਤ ਟਰਾਂਸਪੋਟਰਾਂ ’ਤੇ ਕਿਉਂ ਨਹੀਂ ਹੋ ਰਹੀ ਕਾਰਵਾਈ?
ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਸੂਬੇ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪ੍ਰਾਈਵੇਟ ਟ੍ਰਾਂਸਪੋਟਰਾਂ ਵਿਰੁਧ ਵਿੱਢੀ ਮੁਹਿੰਮ ’ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ‘‘ਇੱਕ ਨੌਜਵਾਨ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਅਤੇ ਮਨ ਮਰਜ਼ੀ ਦਾ ਵਿਭਾਗ ਮਿਲਣ ’ਤੇ ਸੂਬੇ ਦੇ ਲੋਕਾਂ ਨੂੰ ਉਮੀਦ ਸੀ ਕਿ ਉਹ ਵਿਭਾਗ ਵਿੱਚ ਵੱਡੇ ਸੁਧਾਰ ਕਰੇਗਾ ਪ੍ਰੰਤੂ ਹੁੁਣ ਇਸ ਮੰਤਰੀ ਵਲੋਂ ਸਿਆਸੀ ਕਿੜ ਕੱਢਣ ਲਈ ਕੀਤੀ ਜਾ ਰਹੀ ਕਾਰਵਾਈ ਵੱਡੇ ਸਵਾਲ ਖ਼ੜੇ ਕਰ ਰਹੀ ਹੈ। ’’ ਸਾਬਕਾ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਤੱਕ ਦੀ ਕਾਰਵਾਈ ਵਿਚ ਸਾਫ ਨਜਰ ਆਉਂਦਾ ਹੈ ਕਿ ਰਾਜਾ ਵੜਿੰਗ ਵੱਲੋਂ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਦੇ ਅਧੀਨ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਤ ਟਰਾਂਸਪੋਰਟਰਾਂ ਨੂੰ ਹੀ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਜਦੋਂਕਿ ਵੱਡੇ ਡਿਫ਼ਾਲਟਰ ਕਾਂਗਰਸੀਆਂ ਦੀਆਂ ਵੱਡੀਆਂ ਟਰਾਂਸਪੋਰਟਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸੇ ਸਮੇਂ ਖ਼ੁਦ ਟ੍ਰਾਂਸਪੋਰਟ ਦੇ ਖਿੱਤੇ ਵਿਚ ਰਹੇ ਸ: ਮਲੂਕਾ ਨੇ ਦਾਅਵਾ ਕੀਤਾ ਕਿ ਸੂਬੇ ਦੀਆਂ ਤਕਰੀਬਨ ਸਾਰੀਆਂ ਹੀ ਟਰਾਂਸਪੋਰਟ ਕੰਪਨੀਆਂ ਉਪਰ ਪਿਛਲੇ ਡੇਢ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਟੈਕਸ ਬਕਾਇਆ ਹਨ, ਜਿੰਨ੍ਹਾਂ ਦੀ ਮੁਆਫ਼ੀ ਲਈ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ। ਉਨ੍ਹਾਂ ਪੁੱਛਿਆਂ ਕਿ ਜੇਕਰ ਸ: ਵੜਿੰਗ ਬਕਾਇਆ ਟੈਕਸ ਨੂੰ ਆਧਾਰ ਬਣਾ ਕੇ ਬੱਸਾਂ ਬੰਦ ਕਰ ਰਹੀ ਹੈ ਤਾਂ ਸਿਰਫ਼ ਔਰਬਿਟ, ਰਾਜਧਾਨੀ, ਜੁਝਾਰ ਅਤੇ ਦੀਪ ਟਰਾਂਸਪੋਰਟ ਦੀਆਂ ਬੱਸਾਂ ’ਤੇ ਹੀ ਕਾਰਵਾਈ ਕਿਉਂ ਕਰ ਰਹੀ ਹੈ ਤੇ ਹੋਰ ਡਿਫ਼ਾਲਟਰ ਬੱਸਾਂ ਕਿਉਂ ਦਿਖ਼ਾਈ ਨਹੀਂ ਦੇ ਰਹੀਆਂ। ਸ: ਮਲੂਕਾ ਨੇ ਕਿਹਾ ਕਿ ਜਲੰਧਰ ਦੇ ਇੱਕ ਵੱਡੇ ਕਾਂਗਰਸੀ ਟਰਾਂਸਪੋਰਟਰ ਤੇ ਕਰੋੜਾਂ ਰੁਪਏ ਟੈਕਸ ਬਕਾਏ ਦੀ ਗੱਲ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਕੋਲ ਸੂਬੇ ਦੀਆਂ ਸਾਰੀਆਂ ਟਰਾਂਸਪੋਰਟਾਂ ਦੇ ਬਕਾਇਆ ਟੈਕਸ ਦੇ ਅੰਕੜੇ ਮੌਜੂਦ ਹਨ, ਜਿਸਦੇ ਚੱਲਦੇ ਰਾਜਾ ਵੜਿੰਗ ਨੂੰ ਚਾਹੀਦਾ ਹੈ ਕਿ ਉਹ ਨਿਰਪੱਖ ਕਾਰਵਾਈ ਕਰੇ। ਮਲੂਕਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਰਾਜਾ ਵੜਿੰਗ ਵਿੱਚ ਕਾਂਗਰਸੀਆਂ ਦੀਆਂ ਬੱਸਾਂ ਬੰਦ ਕਰਨ ਦੀ ਹਿੰਮਤ ਨਹੀਂ ਤਾਂ ਫਿਰ ਇਹ ਡਰਾਮੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰਵਾਈ ’ਤੇ ਮਲੂਕਾ ਨੇ ਚੁੱਕੇ ਸਵਾਲ
7 Views