ਸੁਖਜਿੰਦਰ ਮਾਨ
ਬਠਿੰਡਾ, 31 ਜੁਲਾਈ -ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਠੇਕਾ ਮੁਲਾਜਮਾਂ ਨੇ ਅੱਜ ਮੁੜ ਬਠਿੰਡਾ ਪੁੱਜੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕੀਤਾ ਗਿਆ। ਸਥਾਨਕ ਅਮਰੀਕ ਸਿੰਘ ਰੋਡ ’ਤੇ ਸਥਿਤ ਐੱਸ.ਐੱਸ.ਡੀ.ਕਾਲਜ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਵਿੱਤ ਮੰਤਰੀ ਦੇ ਕਾਫ਼ਲੇ ਨਜਦੀਕ ਬੇਸ਼ੱਕ ਪੁਲਿਸ ਨੇ ਠੇਕਾ ਮੁਲਾਜਮਾਂ ਨੂੰ ਨਾ ਪੁੱਜਣ ਦਿੱਤਾ ਗਿਆ ਪ੍ਰੰਤੂ ਕਾਲਜ਼ ਨੇੜੇ ਧਰਨਾ ਲਗਾ ਕੇ ਠੇਕਾ ਮੁਲਾਜਮਾਂ ਨੇ ਸਰਕਾਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਸ਼੍ਰੀ ਬਾਦਲ ਦੇ ਹਰੇਕ ਪ੍ਰੋਗਰਾਮ ਵਿਚ ਪੁੱਜਕੇ ਸਵਾਲ ਪੁੱਛਣ ਦਾ ਐਲਾਨ ਕੀਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਮੋਰਚੇ ਦੇ ਸੂਬਾਈ ਆਗੂਆਂ ਨਾਲ 3 ਅਗਸਤ ਨੂੰ ਪੰਜਾਬ ਭਵਨ ਵਿੱਚ ਇੱਕ ਵਾਰ ਫਿਰ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਵਰਿੰਦਰ ਸਿੰਘ ਬੀਬੀਵਾਲਾ,ਗੁਰਵਿੰਦਰ ਸਿੰਘ ਪੰਨੂੰ,ਸੇਵਕ ਸਿੰਘ ਦੰਦੀਵਾਲ, ਜਗਸੀਰ ਸਿੰਘ ਭੰਗੂ,ਸੰਦੀਪ ਖਾਨ,ਗਗਨਦੀਪ ਸਿੰਘ,ਰਾਜੇਸ਼ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ 03 ਅਤੇ 04 ਅਗਸਤ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈਕੇ ਵਿਭਾਗਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਸਮੇਤ ਪ੍ਰਦਰਸ਼ਨ ਕਰਨਗੇ ਅਤੇ ਨਾਲ-ਨਾਲ ਪਹਿਲਾਂ ਤੋਂ ਉਲੀਕੇ ਪ੍ਰੋ.ਤਹਿਤ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਫੀਲਡ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ।